ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਬਟਾਲਾ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਪੈਂਦੇ ਪਿੰਡ ਧਰੋਵਾਲੀ ਵਿਖੇ ਇੱਕ 30 ਸਾਲਾ ਨੌਜਵਾਨ ਦੀ ਭੇਤ ਭਰੇ ਹਾਲ ਵਿੱਚ ਮੌ-ਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸੰਨੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਬੁਟੀਕ ਵਿਚ ਕੰਮ ਕਰਨ ਵਾਲੀ ਇਕ ਔਰਤ ਨੇ ਉਸ ਦੇ ਲੜਕੇ ਉਤੇ ਗਲਤ ਮੈਸੇਜ ਅਤੇ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ਲਗਾਇਆ ਸੀ।
ਇਨ੍ਹਾਂ ਦੋਸ਼ਾਂ ਨੂੰ ਲੈ ਕੇ ਉਹ ਪਿੰਡ ਦੇ ਪ੍ਰਮੁੱਖ ਆਗੂਆਂ ਨੂੰ ਨਾਲ ਲੈ ਕੇ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਪਹੁੰਚਿਆ ਅਤੇ ਪੁਲਿਸ ਨੇ ਪ੍ਰਮੁੱਖ ਵਿਅਕਤੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਫੈਸਲਾ ਸੁਣਾਇਆ, ਜਿਸ ਤੇ ਅਹਿਮ ਵਿਅਕਤੀਆਂ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਭੇਜ ਦਿੱਤਾ ਗਿਆ। ਜਦੋਂ ਉਹ ਥਾਣੇ ਤੋਂ ਬਾਹਰ ਆਏ ਤਾਂ ਅੰਦਰੋਂ ਆਵਾਜ਼ ਆਈ, ਜਦੋਂ ਉਹ ਅੰਦਰ ਪਹੁੰਚੇ ਤਾਂ ਉਨ੍ਹਾਂ ਦਾ ਲੜਕਾ ਬੇਹੋਸ਼ ਪਿਆ ਸੀ।
ਇਸ ਦੌਰਾਨ ਕੋਟਲੀ ਸੂਰਤ ਮੱਲੀ ਥਾਣੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਨੌਜਵਾਨ ਸੰਨੀ ਨੂੰ ਡੇਰਾ ਬਾਬਾ ਨਾਨਕ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਸੰਨੀ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ। ਇਸ ਮੌਕੇ ਮ੍ਰਿਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਜਦੋਂ ਮੀਡੀਆ ਕਰਮੀਆਂ ਵਲੋਂ ਡੀ. ਐਸ. ਪੀ. ਡੇਰਾ ਬਾਬਾ ਨਾਨਕ, ਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ 174 ਦੀ ਕਾਰਵਾਈ ਕਰਦੇ ਹੋਏ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਨ੍ਹਾਂ ਤੱਥਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।