ਪੰਜਾਬ ਦੇ ਜਿਲ੍ਹਾ ਫ਼ਿਰੋਜ਼ਪੁਰ ਵਿੱਚ ਇੱਕ ਵਿਆਹੁਤਾ ਨੇ ਜ਼ਹਿਰੀ ਚੀਜ ਖਾ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ। ਪੇਕੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਸਹੁਰੇ ਪਰਿਵਾਰ ਵਾਲਿਆਂ ਉਤੇ ਦਾਜ ਲਈ ਦੁਖੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਮ੍ਰਿਤਕਾ ਦੇ ਪਤੀ ਸਮੇਤ 3 ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਮ੍ਰਿਤਕਾ ਦੀ ਮੌ-ਤ ਕਾਰਨ ਮਾਂ ਦਾ ਹਾਲ ਬੇਹਾਲ ਹੈ ਵਾਰ-ਵਾਰ ਬੇਹੋਸ਼ ਹੋਣ ਕਾਰਨ ਉਸ ਦੀ ਸਿਹਤ ਵੀ ਵਿਗੜ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਹੈ।
ਇਹ ਘਟਨਾ ਗੁਰੂ ਹਰਸਹਾਏ ਦੇ ਪਿੰਡ ਚੱਕ ਮਹਿਤਾ ਵਾਲਾ ਦੀ ਹੈ। ਜਿੱਥੇ ਨੇਹਾ ਰਾਣੀ ਉਮਰ 20 ਸਾਲ ਪਤਨੀ ਰਾਕੇਸ਼ ਨੇ 6 ਜੂਨ ਨੂੰ ਜ਼ਹਿਰੀ ਪਦਾਰਥ ਨਿ-ਗ-ਲ ਲਿਆ ਸੀ। ਉਸ ਦੀ ਸਿਹਤ ਵਿਗੜਨ ਉਤੇ ਪਰਿਵਾਰ ਉਸ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਲੈ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਨੇ 12 ਮਾਰਚ 2023 ਨੂੰ ਧੀ ਦਾ ਵਿਆਹ ਬੜੇ ਧੂਮ-ਧਾਮ ਨਾਲ ਕੀਤਾ ਸੀ। ਵਿਆਹ ਵਿੱਚ ਸਮਰੱਥਾ ਅਨੁਸਾਰ ਦਾਜ ਵੀ ਦਿੱਤਾ ਗਿਆ ਸੀ।
5 ਜੂਨ ਨੂੰ ਧੀ ਨੂੰ ਘਰ ਲੈ ਆਇਆ ਸੀ ਪਿਓ
ਪਰ ਵਿਆਹ ਤੋਂ ਕੁਝ ਦਿਨਾਂ ਦੇ ਬਾਅਦ ਹੀ ਸਹੁਰੇ ਵਾਲਿਆਂ ਨੇ ਧੀ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨਾਲ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਹ 5 ਜੂਨ ਨੂੰ ਬੇਟੀ ਨੂੰ ਆਪਣੇ ਨਾਲ ਘਰ ਲੈ ਆਇਆ ਸੀ। ਸਹੁਰਿਆਂ ਤੋਂ ਤੰਗ ਹੋਈ ਧੀ ਨੇ ਆਪਣੀ ਜਿੰਦਗੀ ਸਮਾਪਤ ਕਰ ਲਈ।
ਪੋਸਟ ਮਾਰਟਮ ਲਈ ਦੇਹ ਲੈ ਕੇ ਭਟਕਦੇ ਰਹੇ ਪਰਿਵਾਰਕ ਮੈਂਬਰ
ਉਨ੍ਹਾਂ ਦੱਸਿਆ ਕਿ ਬੇਟੀ ਦੇ ਪੋਸਟ ਮਾਰਟਮ ਲਈ ਵੀ ਉਨ੍ਹਾਂ ਨੂੰ ਇਧਰ-ਉਧਰ ਭਟਕਣਾ ਪਿਆ। ਪਹਿਲਾਂ ਉਹ ਲੋਕ ਦੇਹ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੇ, ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਲੈ ਜਾਣ ਦੀ ਗੱਲ ਆਖੀ ਗਈ। ਜਿਸ ਤੋਂ ਬਾਅਦ ਉਹ ਦੇਹ ਲੈ ਕੇ ਫਰੀਦਕੋਟ ਮੈਡੀਕਲ ਕਾਲਜ ਪਹੁੰਚੇ। ਉਥੋਂ ਫ਼ਿਰੋਜ਼ਪੁਰ ਲਿਜਾਣ ਲਈ ਕਿਹਾ ਗਿਆ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ।
ਖਬਰ ਲਿਖੇ ਜਾਣ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ
ਇਸ ਮਾਮਲੇ ਸਬੰਧੀ ਥਾਣਾ ਗੁਰੂਹਰਸਹਾਏ ਦੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉਤੇ ਮ੍ਰਿਤਕ ਦੇ ਪਤੀ ਰਾਕੇਸ਼ ਕੁਮਾਰ, ਰਵੀ ਅਤੇ ਰਾਣੀ ਖਿਲਾਫ IPC ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ।