ਪੰਜਾਬ ਦੇ ਫਗਵਾੜਾ ਵਿਚ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਅਤੇ ਸੱਟੇ-ਬਾਜ਼ਾਂ ਵੱਲੋਂ ਬਲੈਕ-ਮੇਲਿੰਗ ਕਰਨ ਤੋਂ ਤੰਗ ਆ ਕੇ ਘਰ ਦੇ ਇਕ-ਲੌਤੇ ਪੁੱਤਰ ਵਾਸੀ ਫਗਵਾੜਾ ਨੇ ਰੇਲ ਅੱਗੇ ਆ ਕੇ ਆਪਣੇ ਜੀਵਨ ਨੂੰ ਸਮਾਪਤ ਕਰ ਲਿਆ। ਅਜਿਹਾ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮੋਬਾਈਲ ਰਾਹੀਂ ਮੈਸੇਜ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਦੱਸੇ ਜਿਨ੍ਹਾਂ ਨੇ ਉਸ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਪੁਲਿਸ ਨੇ ਅੱਠ ਬੰਦਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਪ੍ਰਭਜੋਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਹਿਮਾਂਸ਼ੂ ਟੰਡਨ ਉਮਰ 30 ਸਾਲ ਦੀ ਮੁਲਾਕਾਤ ਫਗਵਾੜਾ ਨਿਵਾਸੀ ਟਰੈਵਲ ਏਜੰਟ ਹਰਜਿੰਦਰ ਸਿੰਘ ਨਾਲ ਹੋਈ ਸੀ। ਹਰਜਿੰਦਰ ਸਿੰਘ ਨੇ ਉਸ ਦੇ ਪਤੀ ਨੂੰ ਅਮਰੀਕਾ ਵਿਚ ਸੈਟਲ ਕਰਵਾਉਣ ਲਈ 35 ਲੱਖ ਰੁਪਏ ਵਿਚ ਸੌਦਾ ਕੀਤਾ ਸੀ। ਟਰੈਵਲ ਏਜੰਟ ਨੇ ਪਤੀ ਤੋਂ 16 ਲੱਖ ਰੁਪਏ ਐਡਵਾਂਸ ਲੈ ਲਏ ਸਨ ਅਤੇ ਬਾਕੀ ਰਕਮ ਅਮਰੀਕਾ ਪਹੁੰਚ ਕੇ ਦਿੱਤੀ ਜਾਣੀ ਸੀ।
ਏਜੰਟ ਉਸ ਦੇ ਪਤੀ ਹਿਮਾਂਸ਼ੂ ਨੂੰ ਪੰਜ ਮਹੀਨਿਆਂ ਤੱਕ ਛੋਟੇ-ਛੋਟੇ ਦੇਸ਼ਾਂ ਵਿੱਚ ਘੁੰਮਾਉਦਾ ਰਿਹਾ ਅਤੇ ਬਾਅਦ ਵਿੱਚ ਫੋਨ ਉਤੇ ਦੱਸਿਆ ਕਿ ਹਿਮਾਂਸ਼ੂ ਅਮਰੀਕਾ ਪਹੁੰਚ ਗਿਆ ਹੈ ਅਤੇ ਉਸ ਤੋਂ ਬਕਾਇਆ ਪੈਸੇ ਲੈ ਲਏ। ਪਰ ਪੰਜ ਮਹੀਨਿਆਂ ਬਾਅਦ ਅਚਾਨਕ ਪਤੀ ਘਰ ਪਰਤਿਆ ਅਤੇ ਦੱਸਿਆ ਕਿ ਟਰੈਵਲ ਏਜੰਟ ਹਰਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਤੋਂ 35 ਲੱਖ ਰੁਪਏ ਲੈ ਲਏ ਅਤੇ ਅਮਰੀਕਾ ਨਹੀਂ ਭੇਜਿਆ।
ਇੰਨੀ ਵੱਡੀ ਰਕਮ ਡੁੱਬ ਜਾਣ ਕਾਰਨ ਹਿਮਾਂਸ਼ੂ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਬਾਅਦ ਵਿੱਚ ਉਹ ਸੱਟੇਬਾਜ਼ਾਂ ਦੇ ਜਾਲ ਵਿੱਚ ਫਸ ਗਿਆ। ਸੱਟੇਬਾਜ਼ਾਂ ਨੇ ਉਸ ਦੇ ਪਤੀ ਨਾਲ ਅੱਠ ਲੱਖ ਰੁਪਏ ਦੀ ਠੱਗੀ ਮਾਰੀ, ਹੁਣ ਉਲਟਾ ਉਸ ਨੂੰ ਬਲੈਕ-ਮੇਲ ਕਰਕੇ ਉਸ ਤੋਂ ਹੋਰ ਪੈਸੇ ਦੀ ਮੰਗ ਕਰ ਰਹੇ ਸਨ। ਹਿਮਾਂਸ਼ੂ ਮੰਗਲਵਾਰ ਰਾਤ ਨੂੰ ਘਰੋਂ ਗਿਆ ਅਤੇ ਫਿਲੌਰ ਪਹੁੰਚਦੇ ਹੀ ਰੇਲ ਅੱਗੇ ਛਾਲ ਲਾ ਦਿੱਤੀ।
ਔਰਤ ਨੇ ਦੱਸਿਆ ਕਿ ਪਤੀ ਨੇ ਮੌ-ਤ ਤੋਂ ਪਹਿਲਾਂ ਟ੍ਰੈਵਲ ਏਜੰਟ ਹਰਜਿੰਦਰ ਸਿੰਘ ਅਤੇ ਲੁਧਿਆਣਾ ਨਿਵਾਸੀ ਉਸ ਦੇ ਸਾਥੀ ਪ੍ਰੀਤ ਤੋਂ ਇਲਾਵਾ ਬਲੈਕ-ਮੇਲ ਕਰਨ ਵਾਲੇ ਸੱਟੇਬਾਜ਼ ਕਰਨ, ਇਸ਼ਾਂਤ, ਸਿਮਰਨ, ਵਿੱਕੀ ਅਤੇ ਲਾਲੀ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।