ਨੌਜਵਾਨ ਨੇ ਪਹਿਲਾਂ ਆਪਣੇ ਦੋਸਤ ਨੂੰ ਫ਼ੋਨ ਕਰਕੇ ਦੱਸਿਆ, ਫਿਰ ਨਹਿਰ ਉਤੇ ਜਾਕੇ ਕਰ ਲਿਆ ਇਹ ਕੰਮ

Punjab

ਪੰਜਾਬ ਦੇ ਅਬੋਹਰ ਠਾਕਰ ਆਬਾਦੀ ਦੇ ਵਸਨੀਕ 25 ਸਾਲ ਉਮਰ ਦੇ ਨੌਜਵਾਨ ਨੇ ਬੀਤੀ ਰਾਤ ਮਲੂਕਪੁਰਾ ਮਾਈਨਰ ਵਿੱਚ ਆਪਣੇ ਦੋਸਤ ਦੇ ਸਾਹਮਣੇ ਛਾਲ ਲਾ ਦਿੱਤੀ। ਜਿਸ ਤੋਂ ਬਾਅਦ ਦੋਸਤ ਨੇ ਨੌਜਵਾਨ ਦੇ ਪਰਿਵਾਰ ਵਾਲਿਆਂ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਨਾਲ ਰਾਤ ਭਰ ਉਸ ਦੀ ਭਾਲ ਕੀਤੀ। ਸ਼ਨੀਵਾਰ ਸਵੇਰ ਨੂੰ ਉਸ ਦੀ ਦੇਹ ਪਿੰਡ ਦਲਮੀਰਖੇੜਾ ਦੇ ਨੇੜੇ ਤੋਂ ਮਿਲੀ। ਜਿਸ ਨੂੰ ਸਿਟੀ ਨੰਬਰ 2 ਥਾਣੇ ਦੀ ਪੁਲਿਸ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਲੀਨਿਕ ਤੇ ਨੌਕਰੀ ਕਰਦਾ ਸੀ ਨੌਜਵਾਨ

ਪ੍ਰਾਪਤ ਜਾਣਕਾਰੀ ਦੇ ਮੁਤਾਬਕ ਠਾਕਰ ਆਬਾਦੀ ਗਲੀ ਨੰਬਰ 3 ਵਿਚ ਰਹਿਣ ਵਾਲੇ ਸਾਵਨ ਕਾਯਤ ਪੁੱਤਰ ਪ੍ਰਦੀਪ ਕੁਮਾਰ ਡਾਕਟਰ ਕਾਲੜਾ ਦੇ ਕਲੀਨਿਕ ਉਤੇ ਕੰਮ ਕਰਦਾ ਸੀ ਅਤੇ ਅਜੇ ਕੁਆਰਾ ਸੀ। ਬੀਤੀ ਰਾਤ ਕਰੀਬ 11.30 ਵਜੇ ਉਸ ਨੇ ਆਪਣੇ ਦੋਸਤ ਕੁਸ਼ਲ ਨੂੰ ਫੋਨ ਕਰਕੇ ਕਿਹਾ ਕਿ ਉਹ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹੈ। ਦੋਸਤ ਵੱਲੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਮੌਕੇ ਉਤੇ ਹਨੂੰਮਾਨਗੜ੍ਹ ਰੋਡ ਉਤੇ ਸਥਿਤ ਮਲੂਕਪੁਰਾ ਮਾਈਨਰ ਤੇ ਪਹੁੰਚ ਗਿਆ। ਪਰ ਜਦੋਂ ਕੁਸ਼ਲ ਉੱਥੇ ਪਹੁੰਚਿਆ ਤਾਂ ਸਾਵਨ ਨੇ ਪੁਲ ਤੋਂ ਉਸ ਦੇ ਸਾਹਮਣੇ ਨਹਿਰ ਵਿੱਚ ਛਾਲ ਲਾ ਦਿੱਤੀ।

ਦੋਸਤ ਨੇ ਕੀਤੀ ਬਚਾਉਣ ਦੀ ਕਾਫੀ ਕੋਸ਼ਿਸ਼

ਨੌਜਵਾਨ ਦੇ ਦੋਸਤ ਕੁਸ਼ਲ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਬਚਾ ਨਹੀਂ ਸਕਿਆ। ਇਸ ਤੋਂ ਬਾਅਦ ਕੁਸ਼ਲ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ। ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਨੂੰ ਸੂਚਨਾ ਦਿੱਤੀ। ਕਮੇਟੀ ਪ੍ਰਧਾਨ ਦੀ ਅਗਵਾਈ ਵਿਚ ਸੇਵਾਦਾਰਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਸਾਰੀ ਰਾਤ ਸਾਵਨ ਦੀ ਭਾਲ ਕੀਤੀ। ਸ਼ਨੀਵਾਰ ਸਵੇਰੇ ਕਮੇਟੀ ਮੈਂਬਰਾਂ ਨੂੰ ਪਿੰਡ ਦਲਮੀਰਖੇੜਾ ਨੇੜੇ ਇਕ ਨਹਿਰ ਵਿਚ ਇਕ ਦੇਹ ਮਿਲਣ ਦਾ ਪਤਾ ਲੱਗਿਆ।

ਜਿਸ ਤੋਂ ਬਾਅਦ ਸੰਮਤੀ ਦੇ ਸੇਵਾਦਾਰ ਸੋਨੂੰ ਗਰੋਵਰ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਜਿਸ ਦੀ ਪਹਿਚਾਣ ਸਾਵਨ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਹਿਰ ਵਿਚ ਛਾਲ ਲਾਉਣ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਜੇਬ ਵਿਚੋਂ ਮੋਬਾਇਲ ਅਤੇ ਪੈਸੇ ਕੱਢ ਕੇ ਖੋਖੇ ਉਤੇ ਰੱਖ ਦਿੱਤੇ ਅਤੇ ਫਿਰ ਨਹਿਰ ਵਿਚ ਛਾਲ ਲਾ ਦਿੱਤੀ।

ਇਸ ਮਾਮਲੇ ਦੀ ਜਾਂਚ ਏ. ਐੱਸ. ਆਈ. ਸੁਖਮਿੰਦਰ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਨੇ ਅਜਿਹਾ ਕਦਮ ਕਿਉਂ ਚੁੱਕਿਆ ਹੈ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *