ਨਹਿਰ ਵਿਚ ਨਹਾਉਂਦੇ ਸਮੇਂ ਇਕ ਹੋਰ ਹਾਦਸਾ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਅੰਦਰ ਪੈਂਦੇ ਪਿੰਡ ਸੋਹੜਾ ਕੰਢੀ ਦੇ ਦੋ ਨੌਜਵਾਨਾਂ ਦੀ ਨਹਾਉਂਦੇ ਸਮੇਂ ਨਹਿਰ ਵਿਚ ਡੁੱਬ ਜਾਣ ਨਾਲ ਮੌ-ਤ ਹੋ ਗਈ ਹੈ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਉਮਰ 17 ਤੋਂ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਅਭੈ ਪੁੱਤਰ ਦੇਸਰਾਜ ਅਤੇ ਨਿਖਿਲ ਠਾਕੁਰ ਪੁੱਤਰ ਗੁਰਮੀਤ ਦਾਸ ਵਾਸੀ ਪਿੰਡ ਸਹੋੜਾ ਕੰਢੀ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚੋਂ ਸੂਚਨਾ ਮਿਲੀ ਹੈ ਕਿ ਦੋ ਬੱਚਿਆਂ ਦੀ ਨਹਿਰ ਵਿੱਚ ਡੁੱਬ ਜਾਣ ਕਾਰਨ ਮੌ-ਤ ਹੋ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਨੌਜਵਾਨ ਹਰ ਰੋਜ ਨਹਿਰ ਵਿਚ ਨਹਾਉਣ ਲਈ ਜਾਂਦੇ ਸਨ। ਇਹ ਦੋਵੇਂ ਨੌਜਵਾਨ ਤੈਰਨਾ ਵੀ ਜਾਣਦੇ ਸਨ। ਇਨ੍ਹਾਂ ਦੋਵਾਂ ਵਲੋਂ ਕਈ ਲੋਕਾਂ ਨੂੰ ਨਹਿਰ ਵਿੱਚ ਡੁੱਬਣ ਤੋਂ ਬਚਾਇਆ ਵੀ ਗਿਆ ਸੀ।
ਇਸ ਮਾਮਲੇ ਬਾਰੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਅੱਜ ਵੀ ਦੋਵੇਂ ਮ੍ਰਿਤਕ ਨੌਜਵਾਨ ਨਹਿਰ ਵਿਚ ਨਹਾਉਣ ਲਈ ਘਰੋਂ ਗਏ ਸਨ। ਨਹਿਰ ਵਿਚ ਨਹਾਉਂਦੇ ਸਮੇਂ ਇਨ੍ਹਾਂ ਨੂੰ ਡੁੱਬਦੇ ਦੇਖ ਕੇ ਕੁਝ ਰਾਹਗੀਰਾਂ ਨੇ ਤੁਰੰਤ ਇਨ੍ਹਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਮੁਕੇਰੀਆਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।