ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਪੂਜਾ ਕਰਕੇ ਵਾਪਸ ਘਰ ਆਉਂਦੇ ਸਮੇਂ ਪ੍ਰਯਾਗਰਾਜ ਹਾਈਵੇ ਉਤੇ ਇਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਮੋਟਰਸਾਈਕਲ ਸਵਾਰ ਸੜਕ ਤੇ ਡਿੱਗ ਪਏ ਅਤੇ ਟਰੱਕ ਉਨ੍ਹਾਂ ਨੂੰ ਦਰੜ ਕੇ ਲੰਘ ਗਿਆ। ਇਸ ਹਾਦਸੇ ਵਿਚ ਔਰਤ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਉਸ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਿਸ ਵਲੋਂ ਹਾਦਸੇ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਦੋਵਾਂ ਨੂੰ ਹਸਪਤਾਲ ਪਹੁੰਚਦੇ ਕੀਤਾ ਗਿਆ। ।
ਭਦੋਹੀ ਦੇ ਔਰਾਈ ਥਾਣਾ ਏਰੀਏ ਅਧੀਨ ਪੈਂਦੇ ਬਾਵਲੀਪੁਰ ਵਾਸੀ ਧੀਰਜ ਤਿਵਾਰੀ ਉਮਰ 38 ਸਾਲ ਅਤੇ ਉਸ ਦੀ ਪਤਨੀ ਸ਼ਵੇਤਾ ਤਿਵਾਰੀ ਉਮਰ 33 ਸਾਲ ਬੀਤੇ ਦਿਨ ਵਾਰਾਨਸੀ ਆਏ ਹੋਏ ਸਨ। ਬੁੱਧਵਾਰ ਸਵੇਰੇ ਬਨਾਰਸ ਵਿੱਚ ਇੱਕ ਕਰੀਬੀ ਦੋਸਤ ਨੂੰ ਮਿਲਣ ਤੋਂ ਬਾਅਦ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਪਹੁੰਚੇ। ਦੋਵਾਂ ਨੇ ਮੰਦਿਰ ਦੇ ਦਰਸ਼ਨ ਕੀਤੇ ਅਤੇ ਫਿਰ ਬਾਜ਼ਾਰ ਜਾ ਕੇ ਖ੍ਰੀਦਦਾਰੀ ਕਰਨ ਗਏ। ਸ਼ਾਮ ਪੰਜ ਵਜੇ ਦੋਵੇਂ ਪਤੀ ਅਤੇ ਪਤਨੀ ਮੋਟਰਸਾਈਕਲ ਤੇ ਬਾਵਲੀਪੁਰ ਲਈ ਰਵਾਨਾ ਹੋਏ। ਵਾਰਾਣਸੀ ਤੋਂ ਪ੍ਰਯਾਗਰਾਜ ਹਾਈਵੇਅ ਉਤੇ ਡੰਗਹਰਿਆ ਪਿੰਡ ਦੇ ਨੇੜੇ ਇਕ ਤੇਜ਼ ਸਪੀਡ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਜੋੜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਹਾਈਵੇ ਉਤੇ ਇਕੱਠੇ ਹੋਏ ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਮਿਰਜ਼ਾਮੁਰਾਦ ਪੁਲਿਸ ਨੇ ਜੋੜੇ ਨੂੰ ਐਂਬੂਲੈਂਸ ਵਿਚ ਬੀ. ਐੱਚ. ਯੂ. ਟਰਾਮਾ ਸੈਂਟਰ ਭੇਜ ਦਿੱਤਾ। ਸ਼ਵੇਤਾ ਦੀ ਟਰਾਮਾ ਸੈਂਟਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮੌ-ਤ ਹੋ ਗਈ। ਪਤਨੀ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ ਬਾਅਦ ਡਾਕਟਰਾਂ ਨੇ ਪਤੀ ਨੂੰ ਦਾਖਲ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ। ਟਰਾਮਾ ਸੈਂਟਰ ਵਿੱਚ ਧੀਰਜ ਦਾ ਹਾਲ ਵੀ ਨਾਜ਼ੁਕ ਦੱਸਿਆ ਜਾ ਰਿਹਾ ਹੈ।
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਵਿੱਚ ਹਫੜਾ-ਦਫੜੀ ਫੈਲ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਪਿੱਛਾ ਕੀਤਾ ਪਰ ਦੋਸ਼ੀ ਡਰਾਈਵਰ ਟਰੱਕ ਲੈ ਕੇ ਪ੍ਰਯਾਗਰਾਜ ਵੱਲ ਭੱਜ ਗਿਆ। ਮਿਰਜ਼ਾਮੁਰਾਦ ਥਾਣਾ ਇੰਚਾਰਜ ਆਨੰਦ ਕੁਮਾਰ ਚੌਰਸੀਆ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉਤੇ ਮਹਿਲਾ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।