ਪੰਜਾਬ ਸੂਬੇ ਦੇ ਅਬੋਹਰ ਸ਼ਹਿਰ ਵਿਚ ਇਕ ਸੜਕ ਹਾਦਸੇ ਦੌਰਾਨ ਪਰਿਵਾਰ ਦੇ ਇਕ-ਲੌਤੇ ਪੁੱਤਰ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਨੇ ਬੁੱਧਵਾਰ ਨੂੰ ਹੀ ਆਸਟ੍ਰੇਲੀਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦੁਖ-ਦਾਈ ਘਟਨਾ ਵਾਪਰ ਗਈ ਅਤੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਪਰਿਵਾਰਕ ਮੈਂਬਰਾਂ ਨੇ ਸੁਖਮਨੀ ਸਾਹਿਬ ਦਾ ਪਾਠ ਵੀ ਰੱਖਿਆ ਹੋਇਆ ਸੀ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਨਾਲ ਕਲਰਖੇੜਾ ਤੋਂ ਉਸਮਾਨਖੇੜਾ ਜਾਂਦੇ ਸਮੇਂ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਨੌਜਵਾਨ ਦੇ ਮੋਟਰਸਾਈਕਲ ਸਾਹਮਣੇ ਕੋਈ ਆਵਾਰਾ ਪਸ਼ੂ ਆ ਗਿਆ, ਜਿਸ ਵਿਚ ਟਕਰਾ ਕੇ ਉਹ ਸੜਕ ਉਤੇ ਡਿੱਗ ਪਿਆ। ਉਸ ਦੇ ਸਿਰ ਵਿਚ ਸੱਟ ਲੱਗਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਮਿਤ ਕੁਮਾਰ ਉਮਰ 23 ਸਾਲ ਪੁੱਤਰ ਪ੍ਰਵੀਨ ਕੁਮਾਰ ਵਾਸੀ ਪਿੰਡ ਉਸਮਾਨਖੇੜਾ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਰਾਹਗੀਰਾਂ ਨੇ ਪਹੁੰਚਦਾ ਕੀਤਾ ਹਸਪਤਾਲ
ਮਿਲੀ ਜਾਣਕਾਰੀ ਅਨੁਸਾਰ ਅਮਿਤ ਕਿਸੇ ਕੰਮ ਲਈ ਪਿੰਡ ਕਲਰਖੇੜਾ ਆਇਆ ਹੋਇਆ ਸੀ। ਜਦੋਂ ਉਹ ਵਾਪਸ ਆਪਣੇ ਪਿੰਡ ਉਸਮਾਨਖੇੜਾ ਨੂੰ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਇਕ ਪਸ਼ੂ ਆ ਗਿਆ। ਇਸ ਟੱਕਰ ਕਾਰਨ ਮੋਟਰਸਾਈਕਲ ਤਿਲਕ ਗਿਆ। ਅਮਿਤ ਮੋਟਰਸਾਈਕਲ ਸਣੇ ਸੜਕ ਉਤੇ ਡਿੱਗ ਪਿਆ। ਉਸ ਦੇ ਸਿਰ ਉਤੇ ਗੰਭੀਰ ਸੱਟ ਲੱਗਣ ਕਰਕੇ ਸਿਰ ਤੋਂ ਕਾਫੀ ਬਲੱਡ ਨਿਕਲਣ ਲੱਗਿਆ। ਰਾਹਗੀਰਾਂ ਨੇ ਤੁਰੰਤ ਉਸ ਨੂੰ ਨਜਦੀਕੀ ਹਸਪਤਾਲ ਪਹੁੰਚਦੇ ਕਰਿਆ।
ਸ਼੍ਰੀਗੰਗਾਨਗਰ ਤੋਂ ਲੁਧਿਆਣੇ ਕੀਤਾ ਗਿਆ ਰੈਫਰ
ਪ੍ਰਾਪਤ ਜਾਣਕਾਰੀ ਅਨੁਸਾਰ ਸਮਾਜ ਸੇਵੀ ਸੰਸਥਾ ਨਰਸੇਵਾ ਨਰਾਇਣ ਸੇਵਾ ਸਮਿਤੀ ਦੇ ਮੁਖੀ ਰਾਜੂ ਚਰਾਇਆ ਨੇ ਅਮਿਤ ਦੇ ਪਰਿਵਾਰ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚੇ ਅਤੇ ਉਸ ਨੂੰ ਇਲਾਜ ਲਈ ਪਹਿਲਾਂ ਸ੍ਰੀਗੰਗਾਨਗਰ ਲੈ ਗਏ, ਜਿੱਥੋਂ ਉਸ ਨੂੰ ਲੁਧਿਆਣੇ ਲਈ ਰੈਫਰ ਕਰ ਦਿੱਤਾ ਗਿਆ ਪਰ ਸੋਮਵਾਰ ਨੂੰ ਲੁਧਿਆਣੇ ਹਸਪਤਾਲ ਵਿਚ ਇਲਾਜ ਦੌਰਾਨ ਅਮਿਤ ਦੀ ਮੌ-ਤ ਹੋ ਗਈ।
ਆਵਾਰਾ ਪਸ਼ੂਆਂ ਕਾਰਨ ਹੋ ਚੁੱਕੇ ਕਈ ਹਾਦਸੇ
ਇਸ ਹਾਦਸੇ ਵਿਚ ਰਾਜੂ ਚਰਾਇਆ ਨੇ ਅਮਿਤ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲਾਂ ਦੌਰਾਨ ਇਹੋ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਸਰਕਾਰ ਇਸ ਮੁੱਦੇ ਉਤੇ ਗੰਭੀਰ ਹੋ ਕੇ ਕੰਮ ਨਹੀਂ ਕਰ ਰਹੀ। ਕੁਝ ਮਹੀਨੇ ਪਹਿਲਾਂ ਅਵਾਰਾ ਪਸ਼ੂਆਂ ਨੂੰ ਫੜਨ ਲਈ ਜ਼ਿਲ੍ਹੇ ਵਿੱਚ ਮੁਹਿੰਮ ਸ਼ੁਰੂ ਕੀਤੀ ਗਈ ਸੀ, ਪਰ ਹੁਣ ਉਹ ਵੀ ਕਿਧਰੇ ਨਜ਼ਰ ਨਹੀਂ ਆ ਰਹੀ।