ਜਿਲ੍ਹਾ ਫਾਜ਼ਿਲਕਾ (ਪੰਜਾਬ) ਦੇ ਪਿੰਡ ਚੱਕ ਪੱਖੀ ਵਿੱਚ ਰੇ-ਲ ਦੇ ਇੰਜਣ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਦੀ ਮੌ-ਤ ਹੋ ਗਈ ਹੈ। ਇਸ ਮਾਮਲੇ ਬਾਰੇ ਹਰਪ੍ਰੀਤ ਸਿੰਘ ਵਾਸੀ ਚਿਮਨੇਵਾਲਾ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰ ਦੇ ਸਮੇਂ 8:30 ਵਜੇ ਦੇ ਕਰੀਬ ਇਕ ਲੜਕਾ ਸਟੇਸ਼ਨ ਉਤੇ ਰੇਲ ਲਾਈਨ ਦੀ ਸਾਈਡ ਉਤੇ ਰੇਲਵੇ ਪਲੇਟਫਾਰਮ ਦੇ ਹੇਠਾਂ ਜਾ ਰਿਹਾ ਸੀ ਤਾਂ ਉਹ ਬਠਿੰਡਾ ਤੋਂ ਆ ਰਹੇ ਇਕ ਇੰਜਣ ਦੀ ਲਪੇਟ ਵਿਚ ਆ ਗਿਆ। ਜਿਸ ਦੌਰਾਨ ਉਸ ਦੀ ਮੌ-ਤ ਹੋ ਗਈ।
ਆਧਾਰ ਕਾਰਡ ਤੋਂ ਹੋਈ ਪਹਿਚਾਣ
ਦੂਜੇ ਪਾਸੇ ਰੇਲਵੇ ਜੀ. ਆਰ. ਪੀ. ਦੇ ਏ. ਐਸ. ਆਈ. ਭਜਨ ਲਾਲ ਨੇ ਦੱਸਿਆ ਕਿ ਲੜਕੇ ਦੀ ਮੌ-ਤ ਹੋ ਗਈ ਹੈ। ਉਨ੍ਹਾਂ ਨੂੰ ਬੁੱਧਵਾਰ ਸਵੇਰੇ ਕਰੀਬ 8:30 ਵਜੇ ਇਸ ਹਾਦਸੇ ਦੀ ਸੂਚਨਾ ਮਿਲੀ ਸੀ। ਮੌਕੇ ਉਤੇ ਪਹੁੰਚ ਕੇ ਉਨ੍ਹਾਂ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਲੜਕੇ ਦੀ ਜੇਬ ਵਿਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਹਿਚਾਣ ਕੀਤੀ ਗਈ। ਮ੍ਰਿਤਕ ਦਾ ਨਾਮ ਆਸ਼ੂ ਕੰਬੋਜ ਸੀ, ਜਿਸ ਦੀ ਉਮਰ ਕਰੀਬ 17 ਸਾਲ ਦੀ ਸੀ ਅਤੇ ਉਹ 12ਵੀਂ ਜਮਾਤ ਦਾ ਵਿਦਿਆਰਥੀ ਸੀ।
ਕੰਨਾਂ ਵਿੱਚ ਲੱਗੇ ਹੋਏ ਸੀ ਹੈੱਡਫੋਨ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੇ ਕੰਨਾਂ ਵਿਚ ਹੈੱਡਫੋਨ ਲਾਏ ਹੋਏ ਸਨ ਅਤੇ ਸ਼ਾਇਦ ਸਕੂਲ ਜਾਂ ਕੋਚਿੰਗ ਜਾਣ ਲਈ ਰਵਾਨਾ ਹੋਇਆ ਸੀ। ਉਸ ਨੂੰ ਟਰੇਨ ਦੇ ਇੰਜਣ ਦੀ ਆਵਾਜ਼ ਸੁਣਾਈ ਨਾ ਦੇਣ ਕਾਰਨ ਇਹ ਹਾਦਸਾ ਵਾਪਰਿਆ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮ੍ਰਿਤਕ ਦੇ ਵਾਰਸਾਂ ਨੇ ਮੌਕੇ ਉਤੇ ਆ ਕੇ ਦੇਹ ਦੀ ਪਹਿਚਾਣ ਕੀਤੀ। ਇਸ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕੁਦਰਤੀ ਹਾਦਸੇ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।