ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਸੀ ਮਰੂਫ਼ ਨੇੜੇ ਕੰਢੀ ਕਨਾਲ ਨਹਿਰ ਵਿੱਚ ਨਹਾਉਣ ਸਮੇਂ ਪਾਣੀ ਦੇ ਤੇਜ਼ ਬਹਾਅ ਦੀ ਲਪੇਟ ਵਿੱਚ ਆ ਕੇ ਤਿੰਨ ਨੌਜਵਾਨ ਰੁੜ੍ਹ ਗਏ। ਇਨ੍ਹਾਂ ਵਿੱਚੋਂ ਦੋ ਨੌਜਵਾਨ ਤਾਂ ਬਾਹਰ ਆਉਣ ਵਿਚ ਕਾਮਯਾਬ ਹੋ ਗਏ ਜਦੋਂ ਕਿ ਇੱਕ ਨੌਜਵਾਨ ਦੀ ਡੁੱਬ ਜਾਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰੁਸਤਮ ਕੁਮਾਰ ਉਮਰ 23 ਸਾਲ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਉਸ ਦੇ ਪਿਤਾ ਮਹੇਸ਼ ਸਾਹਨੀ ਵਾਸੀ ਮੁਹੱਲਾ ਆਕਾਸ਼ ਕਾਲੋਨੀ, ਹੁਸ਼ਿਆਰਪੁਰ ਦੇ ਨੇ ਦੱਸਿਆ ਕਿ ਉਸ ਦਾ ਲੜਕਾ ਸ਼ਾਮ ਸਮੇਂ ਆਪਣੇ ਦੋਸਤਾਂ ਸੋਨੂੰ ਕੁਮਾਰ ਅਤੇ ਅਮਰਨਾਥ ਕੁਮਾਰ ਦੇ ਨਾਲ ਸੈਰ ਕਰਨ ਗਿਆ ਸੀ ਅਤੇ ਇਸੇ ਦੌਰਾਨ ਉਹ ਨਹਿਰ ਵਿੱਚ ਨਹਾਉਣ ਲੱਗ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਾਣੀ ਦਾ ਵਹਾਅ ਤੇਜ ਹੋ ਗਿਆ ਅਤੇ ਨੌਜਵਾਨ ਪਾਣੀ ਵਿਚ ਰੁੜ ਗਏ। ਇਨ੍ਹਾਂ ਵਿਚੋਂ 2 ਨੌਜਵਾਨਾਂ ਨੇ ਕਿਵੇਂ ਨਾ ਕਿਵੇਂ ਤੈਰ ਕੇ ਆਪਣੀ ਜਾਨ ਬਚਾ ਲਈ, ਜਦੋਂ ਕਿ ਰੁਸਤਮ ਦੀ ਡੁੱਬ ਕੇ ਮੌ-ਤ ਹੋ ਗਈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰੁਸਤਮ ਫੇਰੀ ਲਾਉਣ ਦਾ ਕੰਮ ਕਰਦਾ ਸੀ ਅਤੇ ਉਸ ਦਾ 6 ਮਹੀਨੇ ਦਾ ਬੱਚਾ ਵੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਹਰਿਆਣਾ ਦੇ ਐਸ. ਐਚ. ਓ. ਨਰਿੰਦਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਰੁਸਤਮ ਦੀ ਦੇਹ ਸਾਈਫਨ ਵਿਚ ਫਸੀ ਹੋਈ ਹੈ, ਜਿਸ ਨੂੰ ਭਾਖੜਾ ਨੰਗਲ ਤੋਂ ਮਾਹਿਰਾਂ ਦੀ ਟੀਮ ਬਾਹਰ ਕੱਢੇਗੀ।
ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਹਿਰ ਵਿਚ ਪਾਣੀ ਦਾ ਵਹਾਅ ਤੇਜ਼ ਸੀ, ਜਿਸ ਕਾਰਨ ਦੋ ਨੌਜਵਾਨਾਂ ਨੂੰ ਖਿੱਚ ਕੇ ਬਾਹਰ ਕੱਢ ਲਿਆ ਗਿਆ। ਪਰ ਇੱਕ ਨੌਜਵਾਨ ਸਾਈਫਨ ਦੇ ਅੰਦਰ ਚਲਾ ਗਿਆ। ਪਿਤਾ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਉਹ ਘਰ ਗਿਆ ਤਾਂ ਨੂੰਹ ਨੇ ਦੱਸਿਆ ਕਿ ਬੱਚੇ ਬਾਹਰ ਗਏ ਹੋਏ ਹਨ। ਬਾਅਦ ਵਿੱਚ ਕੁਝ ਲੜਕਿਆਂ ਨੇ ਦੱਸਿਆ ਕਿ ਤੁਹਾਡਾ ਲੜਕਾ ਨਹਿਰ ਦੇ ਪਾਣੀ ਵਿੱਚ ਰੁੜ੍ਹ ਗਿਆ ਹੈ।
ਸੂਚਨਾ ਤੋਂ ਬਾਅਦ ਥਾਣਾ ਹਰਿਆਣਾ ਦੇ ਐਸ. ਐਚ. ਓ. ਨਰਿੰਦਰ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਰੁਸਤਮ ਬਾਹਰ ਨਹੀਂ ਨਿਕਲ ਸਕਿਆ। ਹੁਣ ਨਹਿਰੀ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਹੈ। ਥਾਣਾ ਹਰਿਆਣਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਾਰਿਆਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।