ਪੰਜਾਬ ਵਿਚ ਅਬੋਹਰ ਸ਼ਹਿਰ ਦੇ ਨੇੜਲੇ ਪਿੰਡ ਦੀਵਾਨਖੇੜਾ ਵਿਚ ਇਕ ਟ੍ਰੈਕਟਰ ਛੱਪੜ ਵਿਚ ਪਲਟ ਗਿਆ। ਇਸ ਦੌਰਾਨ ਇਕ ਨੌਜਵਾਨ ਦੀ ਦਰਦ-ਨਾਕ ਮੌ-ਤ ਹੋ ਗਈ। ਪੁਲਿਸ ਵਲੋਂ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਟ੍ਰੈਕਟਰ ਕੰਪਨੀ ਅਤੇ ਡੀਲਰਾਂ ਉਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਤੇ ਖੂਈਆਂ ਸਰਵਰ ਪੁਲਿਸ ਦਾ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਪਿੰਡ ਦਿਵਾਨਖੇੜਾ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਉਮਰ 22 ਸਾਲ ਪੁੱਤਰ ਮਿਲਖ ਰਾਜ ਦੇ ਰੂਪ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਸੋਨਾਲੀਕਾ ਕੰਪਨੀ ਤੋਂ 2 ਨਵੇਂ ਟ੍ਰੈਕਟਰ ਖਰੀਦੇ ਸਨ ਪਰ ਕੁਝ ਦਿਨਾਂ ਤੋਂ ਉਨ੍ਹਾਂ ਦੇ ਟ੍ਰੈਕਟਰ ਵਿਚ ਕੋਈ ਸਮੱਸਿਆ ਆ ਰਹੀ ਸੀ, ਜਿਸ ਬਾਰੇ ਉਨ੍ਹਾਂ ਸਥਾਨਕ ਡੀਲਰ ਅਤੇ ਕੰਪਨੀ ਨੂੰ ਜਾਣਕਾਰੀ ਦਿੱਤੀ ਸੀ।
ਘਰ ਦੇ ਨੇੜੇ ਹੀ ਹੋਇਆ ਹਾਦਸਾ
ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਸ਼ਿਕਾਇਤ ਉਤੇ ਵੀਰਵਾਰ ਸ਼ਾਮ ਨੂੰ ਕੰਪਨੀ ਦੇ ਅਧਿਕਾਰੀ ਅਤੇ ਸਥਾਨਕ ਡੀਲਰ ਟਰੈਕਟਰ ਨੂੰ ਠੀਕ ਕਰਨ ਲਈ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੁਰੇਸ਼ ਨੂੰ ਟਰੈਕਟਰ ਚਲਾ ਕੇ ਦੇਖਣ ਲਈ ਕਿਹਾ। ਕੰਪਨੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਜਦੋਂ ਸੁਰੇਸ਼ ਟ੍ਰੈਕਟਰ ਲੈ ਕੇ ਘਰ ਤੋਂ ਬਾਹਰ ਨਿਕਲਿਆ ਅਤੇ ਸਿਰਫ 50 ਮੀਟਰ ਦੀ ਦੂਰੀ ਉਤੇ ਹੀ ਗਿਆ ਸੀ ਤਾਂ ਟ੍ਰੈਕਟਰ ਦੀਆਂ ਬ੍ਰੇਕਾ ਨਹੀਂ ਲੱਗੀਆਂ ਅਤੇ ਟ੍ਰੈਕਟਰ ਪਲਟ ਗਿਆ। ਇਸ ਦੌਰਾਨ ਸੁਰੇਸ਼ ਟ੍ਰੈਕਟਰ ਦੇ ਥੱਲ੍ਹੇ ਆ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੇੜੇ ਦੇ ਲੋਕਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਲਿਆ ਅਤੇ ਸ਼ਹਿਰ ਲਿਜਾ ਕੇ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ। ਜਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਸੁਰੇਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਪਰਿਵਾਰ ਵਾਲੇ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਉੱਥੇ ਵੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੇ ਏ. ਐਸ. ਆਈ. ਹੰਸਰਾਜ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।
2 ਦਿਨ ਪਹਿਲਾਂ ਹੋਈ ਸੀ ਮੰਗਣੀ
ਪਰਿਵਾਰ ਨੇ ਦੱਸਿਆ ਕਿ ਸੁਰੇਸ਼ ਦੀ 2 ਦਿਨ ਪਹਿਲਾਂ ਹੀ ਮੰਗਣੀ ਹੋਈ ਸੀ, ਜਿਸ ਕਾਰਨ ਘਰ ਵਿਚ ਖੁਸ਼ੀ ਦਾ ਮਾਹੌਲ ਸੀ। ਕਰੀਬ 4 ਮਹੀਨੇ ਬਾਅਦ ਸੁਰੇਸ਼ ਦਾ ਵਿਆਹ ਤੈਅ ਹੋਇਆ ਸੀ। ਸੁਰੇਸ਼ ਦਾ ਇੱਕ ਵੱਡਾ ਭਰਾ ਅਤੇ ਇੱਕ ਛੋਟੀ ਭੈਣ ਹੈ। ਸੁਰੇਸ਼ ਅਤੇ ਉਸ ਦੀ ਭੈਣ ਦੀ ਮੰਗਣੀ ਇਕੋ ਦਿਨ ਹੀ ਹੋਈ ਸੀ। ਪਰ ਇਸ ਦੁਖਦ ਘਟਨਾ ਨੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ। ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਹੈ।