ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਤੋਂ ਇਕ ਦੁਖ ਭਰੀ ਖ਼ਬਰ ਪ੍ਰਾਪਤ ਹੋਈ ਹੈ। ਇਥੇ ਇੱਕ ਐਕਟਿਵਾ ਸਕੂਟਰੀ ਤੇ ਸਵਾਰ ਵਿਅਕਤੀ ਟ੍ਰੈਕਟਰ ਟ੍ਰਾਲੀ ਦੇ ਹੇਠਾਂ ਆ ਗਿਆ। ਐਕਟਿਵਾ ਸਵਾਰ ਦਾ ਸਿਰ ਟਰਾਲੀ ਦੇ ਪਿਛਲੇ ਟਾਇਰ ਹੇਠਾਂ ਦਰੜਿਆ ਗਿਆ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰੋਸ਼ਨ ਲਾਲ ਉਮਰ 40 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੋਸ਼ਨ ਲਾਲ ਆਪਣੀ ਡਿਊਟੀ ਲਈ ਜਾ ਰਿਹਾ ਸੀ।
ਇਸ ਦੌਰਾਨ ਅਚਾਨਕ ਸੜਕ ਉਤੇ ਇੱਕ ਗਲੀ ਵਿਚੋਂ ਕਾਰ ਬਾਹਰ ਨਿਕਲ ਆਈ। ਰੋਸ਼ਨ ਲਾਲ ਨੇ ਕਾਰ ਤੋਂ ਆਪਣਾ ਬਚਾਅ ਕਰਨ ਦੇ ਲਈ ਐਕਟਿਵਾ ਦੀ ਬ੍ਰੇਕ ਲਗਾ ਦਿੱਤੀ। ਇਸੇ ਦੌਰਾਨ ਰੇਤੇ ਨਾਲ ਭਰੀ ਟ੍ਰਾਲੀ ਉਸ ਦੇ ਕੋਲੋਂ ਲੰਘ ਰਹੀ ਸੀ। ਅਚਾਨਕ ਬ੍ਰੇਕ ਲੱਗਣ ਕਾਰਨ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਰੋਸ਼ਨ ਲਾਲ ਟ੍ਰੈਕਟਰ ਟ੍ਰਾਲੀ ਦੀ ਲਪੇਟ ਵਿੱਚ ਆ ਗਿਆ। ਟ੍ਰੈਕਟਰ ਟ੍ਰਾਲੀ ਡਰਾਈਵਰ ਨੇ ਪਿੱਛੇ ਕਰ ਕੇ ਰੋਸ਼ਨ ਲਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਸਿਰ ਬੁਰੀ ਤਰ੍ਹਾਂ ਨਾਲ ਦਰੜਿਆ ਗਿਆ ਸੀ।
ਇਹ ਘਟਨਾ ਇਲਾਕੇ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਸਥਾਨਕ ਲੋਕਾਂ ਨੇ ਤੁਰੰਤ ਹੀ ਥਾਣਾ ਪੀ. ਏ. ਯੂ. (PAU) ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਸਾਰ ਹੀ ਜਾਂਚ ਅਧਿਕਾਰੀ ਮਹਿੰਦਰ ਪਾਲ ਘਟਨਾ ਵਾਲੀ ਥਾਂ ਮੌਕੇ ਉਤੇ ਪਹੁੰਚੇ। ਮਹਿੰਦਰ ਪਾਲ ਨੇ ਰੋਸ਼ਨ ਲਾਲ ਦੀ ਦੇਹ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।