ਨਹਿਰ ਦੀ ਪਟੜੀ ਰਾਹੀਂ, ਝੋਨਾ ਲਾਉਣ ਜਾ ਰਹੇ ਮਜ਼ਦੂਰਾਂ ਦੇ ਟ੍ਰੈਕਟਰ ਨਾਲ ਹਾਦਸਾ, ਇਕ ਲੜਕੀ ਸਮੇਤ ਤਿੰਨਾਂ ਨੇ ਤਿਆਗੀ ਜਿੰਦਗੀ

Punjab

ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਖਨੌਰੀ ਨੇੜਲੇ ਪਿੰਡ ਹਰੀਗੜ੍ਹ ਗਹਿਲਾਂ ਵਿੱਚ ਝੋਨਾ ਲਾਉਣ ਲਈ ਜਾ ਰਹੇ ਮਜ਼ਦੂਰਾਂ ਦਾ ਟ੍ਰੈਕਟਰ ਭਾਖੜਾ ਨਹਿਰ ਵਿੱਚ ਡਿੱਗ ਪਿਆ। ਇਸ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਅਤੇ ਦੋ ਮਹਿਲਾਵਾਂ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਗਈਆਂ। ਉਨ੍ਹਾਂ ਨੂੰ ਲੱਭਣ ਲਈ ਗੋਤਾਖੋਰਾਂ ਨੂੰ ਬੁਲਾਇਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਮਨਿਆਣਾ ਤੋਂ ਕਰੀਬ 12 ਮਜ਼ਦੂਰ ਟ੍ਰੈਕਟਰ ਉਤੇ ਸਵਾਰ ਹੋ ਕੇ ਝੋਨਾ ਲਾਉਣ ਲਈ ਪਿੰਡ ਹਰੀਗੜ੍ਹ ਗਹਿਲਾਂ ਵੱਲ ਨੂੰ ਜਾ ਰਹੇ ਸਨ। ਟ੍ਰੈਕਟਰ ਦੇ ਪਿੱਛਲੇ ਪਾਸੇ ਝੋਨੇ ਦੀ ਪਨੀਰੀ ਲੱਦੀ ਹੋਈ ਸੀ। ਇਹ ਸਾਰੇ ਭਾਖੜਾ ਨਹਿਰ ਦੇ ਕੱਚੇ ਰਸਤੇ ਖੇਤ ਵੱਲ ਜਾ ਰਹੇ ਸਨ। ਜਦੋਂ ਟ੍ਰੈਕਟਰ ਹਰੀਗੜ੍ਹ ਗਹਿਲਾਂ ਵਿਖੇ ਸਥਿਤ ਭੱਠੇ ਨੇੜੇ ਪਹੁੰਚਿਆ ਤਾਂ ਅਚਾਨਕ ਟ੍ਰੈਕਟਰ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚ ਜਾ ਡਿੱਗਿਆ।

ਇਸ ਹਾਦਸੇ ਸਮੇਂ ਕੁਝ ਮਜ਼ਦੂਰ ਰਸਤੇ ਵਿਚ ਹੀ ਡਿੱਗ ਪਏ ਅਤੇ ਕੁਝ ਭਾਖੜਾ ਨਹਿਰ ਵਿਚ ਜਾ ਡਿੱਗੇ, ਇਸ ਦੌਰਾਨ ਪੈਂਦਾ ਰੌਲਾ ਸੁਣ ਕੇ ਨੇੜੇ ਦੇ ਲੋਕ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਚਾਰ ਔਰਤਾਂ ਅਤੇ ਟ੍ਰੈਕਟਰ ਡਰਾਈਵਰ ਰਾਮਫਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਟੋਹਾਣਾ ਦੇ ਸੰਗਮ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ।

ਇਸ ਹਾਦਸੇ ਵਿਚ ਕਮਲੇਸ਼ ਪਤਨੀ ਗੁਰਮੀਤ ਸਿੰਘ ਉਮਰ 38 ਸਾਲ, ਗੀਤਾ ਪਤਨੀ ਸੁਖਚੈਨ ਸਿੰਘ ਉਮਰ 35 ਸਾਲ ਅਤੇ ਪਾਇਲ ਪੁੱਤਰੀ ਕਾਲਾ ਉਮਰ 16 ਸਾਲ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਭਾਖੜਾ ਨਹਿਰ ਵਿੱਚ ਡਿੱਗੇ ਟ੍ਰੈਕਟਰ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. ਮੂਨਕ ਮਨੋਜ ਗੋਰਸੀ ਅਤੇ ਐਸ. ਐਚ. ਓ. ਖਨੌਰੀ ਸੌਰਭ ਅਗਰਵਾਲ ਮੌਕੇ ਉਤੇ ਪਹੁੰਚੇ ਅਤੇ ਹਾਦਸੇ ਦਾ ਜਾਇਜ਼ਾ ਲਿਆ। ਖਬਰ ਲਿਖੇ ਜਾਣ ਤੱਕ ਲਾਪਤਾ ਲੋਕਾਂ ਦੀ ਭਾਲ ਜਾਰੀ ਸੀ।

ਮਹਿਲਾ ਨੇ ਦੱਸੀ ਹੱਡਬੀਤੀ

ਮਹਿਲਾ ਸੋਨੂੰ ਪਿੰਡ ਮਨਿਆਣਾ ਨੇ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਹ ਲੋਕ ਝੋਨੇ ਦੀ ਪਨੀਰੀ ਲੈ ਕੇ ਪਿੰਡ ਹਰੀਗੜ੍ਹ ਗਹਿਲਾਂ ਵਿਖੇ ਝੋਨਾ ਲਾਉਣ ਲਈ ਜਾ ਰਹੇ ਸਨ। ਇਸ ਦੌਰਾਨ ਟ੍ਰੈਕਟਰ ਬੇਕਾਬੂ ਹੋ ਕੇ ਮਜ਼ਦੂਰਾਂ ਸਮੇਤ ਨਹਿਰ ਵਿੱਚ ਜਾ ਡਿੱਗਿਆ। ਉਸ ਨੇ ਦੱਸਿਆ ਕਿ ਨਹਿਰ ਵਿਚ ਡਿੱਗਣ ਦੌਰਾਨ ਉਹ ਤਿੰਨ ਵਾਰ ਪਾਣੀ ਦੇ ਉੱਪਰ ਆਈ ਅਤੇ ਤਿੰਨ ਵਾਰ ਹੇਠਾਂ ਗਈ।

ਜਦੋਂ ਉਹ ਉੱਪਰ ਆਈ ਤਾਂ ਉਸ ਦੇ ਨਾਲ ਆਏ ਲੋਕਾਂ ਨੇ ਉਸ ਨੂੰ ਰੱਸੀ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਟੋਹਾਣਾ ਦੇ ਸੰਗਮ ਹਸਪਤਾਲ ਵਿਚ ਪਹੁੰਚਦੇ ਕੀਤਾ। ਸੋਨੂੰ ਨੇ ਦੱਸਿਆ ਕਿ ਜਦੋਂ ਉਹ ਨਹਿਰ ਵਿਚ ਡਿੱਗੀ ਤਾਂ ਇੰਝ ਲੱਗਾ ਜਿਵੇਂ ਉਸ ਨੇ ਮੌ-ਤ ਨੂੰ ਗਲੇ ਲਗਾ ਲਿਆ ਹੋਵੇ। ਨਹਿਰ ਵਿਚ ਡਿੱਗਦੇ ਹੀ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਅਤੇ ਉਸ ਨੂੰ ਲੱਗਦਾ ਸੀ ਕਿ ਉਹ ਬਚ ਨਹੀਂ ਸਕੇਗੀ। ਸਿਰਫ ਪਰਮਾਤਮਾ ਨੇ ਹੀ ਉਸ ਨੂੰ ਬਚਾਇਆ ਹੈ।

Leave a Reply

Your email address will not be published. Required fields are marked *