ਦਿੱਲੀ ਰੇਲਵੇ ਸਟੇਸ਼ਨ ਦੇ ਕੰਪਲੈਕਸ ਵਿੱਚ ਇੱਕ 34 ਸਾਲ ਉਮਰ ਦੀ ਮਹਿਲਾ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌ-ਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਇਹ ਦਿੱਤੀ। ਪੁਲਿਸ ਨੇ ਦੱਸਿਆ ਕਿ ਮਹਿਲਾ ਨੂੰ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆਉਣ ਨਾਲ ਕਰੰਟ ਲੱਗ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਟੇਸ਼ਨ ਦੇ ਐਗਜ਼ਿਟ ਗੇਟ ਨੰਬਰ-1 ਨੇੜੇ ਉਸ ਵਕਤ ਵਾਪਰੀ ਜਦੋਂ ਸਾਕਸ਼ੀ ਆਹੂਜਾ ਉਮਰ 34 ਸਾਲ ਨਾਮ ਦੀ ਮਹਿਲਾ ਚੰਡੀਗੜ੍ਹ ਜਾਣ ਵਾਲੀ ਟ੍ਰੇਨ ਤੇ ਸਵਾਰ ਹੋਣ ਜਾ ਰਹੀ ਸੀ।
ਹੁਣ ਸਾਕਸ਼ੀ ਦੇ ਪਰਿਵਾਰਕ ਮੈਂਬਰ ਉਸ ਦੀ ਮੌ-ਤ ਲਈ ਦਿੱਲੀ ਸਰਕਾਰ ਅਤੇ ਰੇਲਵੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਨਾਲ ਹੀ ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਸਾਕਸ਼ੀ ਦੇ ਪਰਿਵਾਰ ਦਾ ਦੋਸ਼ ਹੈ ਕਿ ਰੇਲਵੇ ਦੀ ਲਾਪ੍ਰਵਾਹੀ ਦੇ ਕਾਰਨ ਉਨ੍ਹਾਂ ਦੀ ਧੀ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਚਾਹੀਦਾ, ਮੁਆਵਜ਼ਾ ਸਾਡੀ ਬੇਟੀ ਨੂੰ ਵਾਪਸ ਨਹੀਂ ਲਿਆਏਗਾ, ਸਾਨੂੰ ਸਿਰਫ ਸਾਡੀ ਬੇਟੀ ਹੀ ਵਾਪਸ ਚਾਹੀਦੀ ਹੈ।
ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਸਮੇਂ ਮਹਿਲਾ ਦੇ ਨਾਲ ਉਸ ਦੇ ਪਿਤਾ, ਮਾਂ, ਭਰਾ, ਭੈਣ ਅਤੇ ਦੋ ਬੱਚੇ ਵੀ ਸਨ। ਪੁਲਿਸ ਨੇ ਦੱਸਿਆ ਕਿ ਸਾਕਸ਼ੀ ਲਕਸ਼ਮੀ ਨਗਰ ਇਲਾਕੇ ਦੇ ਪ੍ਰਿਯਦਰਸ਼ਨੀ ਵਿਹਾਰ ਵਿਚ ਲਵਲੀ ਪਬਲਿਕ ਸਕੂਲ ਵਿਚ ਟੀਚਰ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਦੇ ਅਨੁਸਾਰ, ਪੀੜਤ ਲਗਾਤਾਰ ਮੀਂਹ ਦੇ ਵਿਚਕਾਰ ਸਟੇਸ਼ਨ ਵੱਲ ਪੈਦਲ ਜਾ ਰਹੀ ਸੀ ਜਦੋਂ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਇੱਕ ਬਿਜਲੀ ਦੇ ਖੰਭੇ ਨੂੰ ਫੜ ਲਿਆ ਅਤੇ ਉਸ ਦੌਰਾਨ ਹੀ ਕੁੱਝ ਖੁਲੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਈ।
ਪੁਲਿਸ ਦੇ ਡਿਪਟੀ ਕਮਿਸ਼ਨਰ (ਰੇਲਵੇ) ਅਪੂਰਵ ਗੁਪਤਾ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਗਾਇਕਵਾੜ ਦੇ ਨਾਲ ਪੁਲਿਸ ਟੀਮ ਮੌਕੇ ਉਤੇ ਪਹੁੰਚੀ ਅਤੇ ਆਹੂਜਾ ਨੂੰ ਲੇਡੀ ਹਾਰਡਿੰਗ ਮੈਡੀਕਲ ਕਾਲਜ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੀੜਤ ਦੀ ਭੈਣ ਮਾਧਵੀ ਚੋਪੜਾ ਨੇ ਸਬੰਧਤ ਅਧਿਕਾਰੀਆਂ ਉਤੇ ਅਣਗਹਿਲੀ ਵਰਤਣ ਦੇ ਦੋਸ਼ ਲਾਉਂਦੇ ਹੋਏ ਇਕ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 287 ਅਤੇ 304-ਏ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।