ਪੰਜਾਬ ਵਿਚ ਤਰਨਤਾਰਨ ਦੇ ਥਾਣਾ ਸਰਹਾਲੀ ਅੰਦਰ ਆਉਂਦੇ ਪਿੰਡ ਕੈਰੋਂ ਤੋਂ ਇੱਕ ਅਣਸੁਖਾਵੀਂ ਘਟਨਾ ਸਾਹਮਣੇ ਆਈ ਹੈ। ਇਥੇ ਗਰਮੀ ਤੋਂ ਰਾਹਤ ਲਈ ਦੋਵੇਂ ਪਿਓ ਪੁੱਤਰ ਨਹਿਰ ਵਿਚ ਨਹਾਉਣ ਲਈ ਗਏ ਸਨ, ਜੋ ਪਾਣੀ ਦੇ ਤੇਜ਼ ਬਹਾਅ ਵਿਚ ਡੁੱਬ ਗਏ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਥਾਣਾ ਸਰਹਾਲੀ ਦੀ ਪੁਲਿਸ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਵਿਚ ਲੱਗੀ। ਜ਼ਿਕਰਯੋਗ ਹੈ ਕਿ ਨਹਿਰ ਵਿਚ ਡੁੱਬਣ ਵਾਲੇ ਪਿਓ ਦੇ ਵੱਡੇ ਪੁੱਤ ਦਾ 3 ਦਿਨਾਂ ਬਾਅਦ ਵਿਆਹ ਹੋਣ ਵਾਲਾ ਸੀ। ਵਿਆਹ ਦੀਆਂ ਖੁਸ਼ੀਆਂ ਅਚਾਨਕ ਸੋਗ ਵਿੱਚ ਬਦਲੀ ਹੋ ਗਈਆਂ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਿੱਤ ਸਿੰਘ ਉਮਰ 16 ਸਾਲ ਆਪਣੇ ਪਿਤਾ ਤਜਿੰਦਰ ਸਿੰਘ ਉਮਰ 48 ਸਾਲ ਪੁੱਤਰ ਦਰਸ਼ਨ ਸਿੰਘ ਵਾਸੀ ਜੌੜਾ ਨਾਲ ਨਹਿਰ ਘਰਾਟਾਂ ਕੈਰੋਂ ਵਿਖੇ ਨਹਾਉਣ ਗਿਆ ਸੀ। ਜਦੋਂ ਦੋਵੇਂ ਪਿਓ ਪੁੱਤਰ ਗਰਮੀ ਤੋਂ ਰਾਹਤ ਲੈਣ ਲਈ ਨਹਿਰ ਵਿਚ ਵੜੇ ਤਾਂ ਅਚਾਨਕ ਪਾਣੀ ਦੇ ਤੇਜ਼ ਬਹਾਅ ਨੇ ਦੋਵਾਂ ਨੂੰ ਆਪਣੇ ਨਾਲ ਵਹਾ ਲਿਆ। ਕੁਝ ਹੀ ਦੇਰ ਵਿਚ ਦੋਵੇਂ ਪਿਓ ਪੁੱਤ ਪਾਣੀ ਵਿਚ ਡੁੱਬਣ ਲੱਗੇ। ਨੇੜੇ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਬਹਾਅ ਨੇ ਦੋਵੇਂ ਪਿਓ-ਪੁੱਤ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਰਹਾਲੀ ਦੀ ਪੁਲਿਸ ਗੋਤਾਖੋਰਾਂ ਨੂੰ ਨਾਲ ਲੈ ਕੇ ਮੌਕੇ ਉਤੇ ਪਹੁੰਚੀ। ਉਨ੍ਹਾਂ ਨੇ ਦੇਰ ਸ਼ਾਮ ਤੱਕ ਦੋਵੇਂ ਜਣਿਆਂ ਦੀ ਪਾਣੀ ਵਿੱਚ ਭਾਲ ਕੀਤੀ। ਤਜਿੰਦਰ ਸਿੰਘ ਦੇ ਵੱਡੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰਦਾ ਸੀ। ਛੋਟਾ ਭਰਾ ਗੁਰਦਿੱਤ ਸਿੰਘ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਦਾ 2 ਜੁਲਾਈ ਨੂੰ ਵਿਆਹ ਹੋਣਾ ਸੀ। ਪਰਿਵਾਰ ਦੇ ਸਾਰੇ ਮੈਂਬਰ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਇਸ ਘਟਨਾ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਡੰਗ ਦਿੱਤਾ।