ਜਿਲ੍ਹਾ ਫਰੀਦਕੋਟ (ਪੰਜਾਬ) ਦੇ ਪਿੰਡ ਬੀੜ ਸਿੱਖਾਂਵਾਲਾ ਵਿੱਚ ਸ਼ਨੀਵਾਰ ਦੇਰ ਰਾਤ ਨੂੰ ਇੱਕ ਘਰ ਦੀ ਛੱਤ ਡਿੱਗ ਪਈ। ਅੰਦਰ ਸੁੱਤੇ ਪਏ ਪਰਿਵਾਰ ਦੇ 4 ਮੈਂਬਰ ਛੱਤ ਦੇ ਮਲਬੇ ਥੱਲੇ ਦੱਬ ਗਏ। ਰੌਲਾ ਪੈਂਦਾ ਸੁਣ ਕੇ ਮੌਕੇ ਉਤੇ ਪਹੁੰਚੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਦੇ ਕੀਤਾ। ਜਿੱਥੇ ਇੱਕ ਲੜਕੀ ਉਮਰ 20 ਸਾਲ ਦੀ ਮੌ-ਤ ਹੋ ਗਈ। ਜਦੋਂ ਕਿ ਪਰਿਵਾਰ ਦੇ ਬਾਕੀ ਤਿੰਨ ਮੈਂਬਰਾਂ ਦਾ ਇਲਾਜ ਚੱਲ ਰਿਹਾ ਹੈ।
ਦੱਸ ਦੇਈਏ ਕਿ ਇਹ ਘਟਨਾ ਸਿੱਖਾਵਾਲੇ ਪਿੰਡ ਦੇ ਰਹਿਣ ਵਾਲੇ 60 ਸਾਲਾ ਇਕਬਾਲ ਸਿੰਘ ਦੇ ਘਰ ਵਾਪਰੀ ਹੈ। ਇਸ ਮਾਮਲੇ ਸਬੰਧੀ ਗੁਆਂਢੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਘਟਨਾ ਸਮੇਂ ਇਕਬਾਲ ਸਿੰਘ, ਉਸ ਦੀ ਪਤਨੀ ਸੁਨੀਤਾ ਕੌਰ, ਪੁੱਤਰ ਰਵੀ ਉਮਰ 22 ਸਾਲ ਅਤੇ ਪੁੱਤਰੀ ਹਰਪ੍ਰੀਤ ਕੌਰ ਉਰਫ ਗੁੱਡੂ ਉਮਰ 20 ਸਾਲ ਘਰ ਦੇ ਅੰਦਰ ਸੌਂ ਰਹੇ ਸਨ। ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਨੇੜੇ ਦੇ ਲੋਕ ਪਹੁੰਚ ਗਏ ਅਤੇ ਉਨ੍ਹਾਂ ਨੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ।
ਜ਼ਖਮੀਆਂ ਦੇ ਹਾਲ ਵਿਚ ਜਲਦੀ ਹੋ ਜਾਵੇਗਾ ਸੁਧਾਰ- ਡਾਕਟਰ
ਬਾਹਰ ਕੱਢਣ ਤੋਂ ਬਾਅਦ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਬੇਟੀ ਹਰਪ੍ਰੀਤ ਕੌਰ ਉਰਫ ਗੁੱਡੂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਾਕੀ ਤਿੰਨ ਮੈਂਬਰਾਂ ਦਾ ਅਜੇ ਵੀ ਹਾਲ ਨਾਜੁਕ ਹੈ। ਹਾਲਾਂਕਿ ਡਾਕਟਰਾਂ ਮੁਤਾਬਕ ਉਨ੍ਹਾਂ ਦੇ ਹਾਲ ਵਿਚ ਜਲਦ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ।
ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਇਕਬਾਲ ਸਿੰਘ
ਦੱਸਿਆ ਜਾ ਰਿਹਾ ਹੈ ਕਿ ਇਕਬਾਲ ਸਿੰਘ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਦਾ ਮਕਾਨ ਕਾਫੀ ਪੁਰਾਣਾ ਦੱਸਿਆ ਜਾ ਰਿਹਾ ਹੈ, ਜੋ ਮੁਰੰਮਤ ਨਾ ਹੋਣ ਕਰਕੇ ਕਮਜ਼ੋਰ ਹੋ ਗਿਆ ਸੀ। ਅਜਿਹੇ ਵਿੱਚ ਪਿੰਡ ਦੇ ਲੋਕਾਂ ਵਲੋਂ ਪ੍ਰਸ਼ਾਸਨ ਤੋਂ ਪੀੜਤਾਂ ਨੂੰ ਮੈਡੀਕਲ ਸਹੂਲਤ ਦੇਣ ਦੇ ਨਾਲ ਆਰਥਿਕ ਸਹਾਇਤਾ ਅਤੇ ਮਕਾਨ ਬਣਾ ਕੇ ਦੇਣ ਦੀ ਮੰਗ ਕੀਤੀ ਗਈ ਹੈ।