ਵਿਦੇਸ਼ ਦੀ ਧਰਤੀ ਨਿਊਜ਼ੀਲੈਂਡ ਤੋਂ ਪੰਜਾਬ ਨਾਲ ਸਬੰਧਤ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਅੰਦਰ ਪੈਂਦੇ ਕਸਬਾ ਵਡਾਲਾ ਬਾਂਗਰ ਦੇ ਨੌਜਵਾਨ ਕੰਵਲਜੀਤ ਸਿੰਘ ਉਮਰ 24 ਸਾਲ ਪੁੱਤਰ ਮਲੂਕ ਸਿੰਘ ਦੀ ਅਚਾਨਕ ਮੌ-ਤ ਹੋ ਗਈ ਹੈ। ਜੋ ਕਿ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਦੀ ਖਾਤਰ ਨਿਊਜ਼ੀਲੈਂਡ ਗਿਆ ਹੋਇਆ ਸੀ। ਇਸ ਦੁਖਦ ਸੂਚਨਾ ਦੇ ਮਿਲਦੇ ਹੀ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ।
ਪਿਤਾ ਨੂੰ ਫੋਨ ਉਤੇ ਦੋਸਤ ਨੇ ਦਿੱਤੀ ਸੂਚਨਾ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕੰਵਲਜੀਤ ਸਿੰਘ ਦੇ ਜੀਜਾ ਸਰਪੰਚ ਮੇਜਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਸਵੇਰੇ ਕੰਵਲਜੀਤ ਸਿੰਘ ਦੇ ਦੋਸਤ ਮਾਨਵੀਰ ਸਿੰਘ ਭੁੱਲਰ ਦਾ ਫੋਨ ਆਇਆ ਸੀ। ਉਸ ਨੇ ਮ੍ਰਿਤਕ ਦੇ ਪਿਤਾ ਮਲੂਕ ਸਿੰਘ ਨੂੰ ਦੱਸਿਆ ਕਿ ਕੰਵਲਜੀਤ ਸਿੰਘ ਦੀ ਮੌ-ਤ ਹੋ ਗਈ ਹੈ। ਉਸ ਨੇ ਦੱਸਿਆ ਕਿ ਕੰਵਲਜੀਤ ਸਿੰਘ ਰੋਜ਼ਾਨਾ ਹੀ ਸਵੇਰੇ 5 ਵਜੇ ਆਪਣੀ ਡਿਊਟੀ ਲਈ ਜਾਂਦਾ ਸੀ ਅਤੇ ਅੱਜ ਸਵੇਰੇ 6 ਵਜੇ ਦੇ ਕਰੀਬ ਜਦੋਂ ਉਸ ਨੇ ਉਸ ਦੀ ਕਾਰ ਘਰ ਦੇ ਬਾਹਰ ਖੜ੍ਹੀ ਦੇਖੀ ਤਾਂ ਇਸ ਤੋਂ ਬਾਅਦ ਜਦੋਂ ਉਹ ਕੰਵਲਜੀਤ ਸਿੰਘ ਦੇ ਕਮਰੇ ਵਿਚ ਗਿਆ ਤਾਂ ਦੇਖਿਆ ਕਿ ਉਹ ਬੈੱਡ ਉਤੇ ਬੇਹੋਸ਼ੀ ਦੇ ਹਾਲ ਵਿਚ ਪਿਆ ਸੀ।
ਜਨਵਰੀ ਵਿਚ ਆਉਣਾ ਸੀ ਪੰਜਾਬ
ਇਸ ਸਬੰਧ ਵਿਚ ਉਸ ਨੇ ਐਂਬੂਲੈਂਸ ਨੂੰ ਬੁਲਾਇਆ ਅਤੇ ਜਦੋਂ ਡਾਕਟਰਾਂ ਨੇ ਉਸ ਦੀ ਮੁੱਢਲੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੇਜਰ ਸਿੰਘ ਨੇ ਦੱਸਿਆ ਕਿ ਕੰਵਲਜੀਤ ਸਿੰਘ ਕਰੀਬ 6 ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਨਿਊਜ਼ੀਲੈਂਡ ਗਿਆ ਸੀ। ਕਰੀਬ ਇੱਕ ਸਾਲ ਪਹਿਲਾਂ ਹੀ ਉਸ ਨੂੰ ਉਥੋਂ ਦੀ ਪੀ. ਆਰ. ਮਿਲੀ ਸੀ ਅਤੇ ਉਸ ਨੇ ਆਉਂਦੀ ਜਨਵਰੀ ਨੂੰ ਆਪਣੇ ਘਰ ਪੰਜਾਬ ਪਰਤਣਾ ਸੀ।