ਪੰਜਾਬ ਵਿਚ ਮੋਗੇ ਜਿਲ੍ਹੇ ਦੇ ਫਿਰੋਜ਼ਪੁਰ ਰੋਡ ਉਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪੀ. ਜੀ. ਆਈ. ਹਸਪਤਾਲ ਵਿਚ ਇਲਾਜ ਕਰਵਾ ਰਹੀ ਫਰੀਦਕੋਟ ਦੀ 6 ਸਾਲ ਦੀ ਲੜਕੀ, ਰਿਧੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌ-ਤ ਹੋ ਗਈ।
ਇਸ ਮਾਮਲੇ ਬਾਰੇ ਲੜਕੀ ਦੇ ਦਾਦਾ ਨਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦਾ ਹਾਲ ਗੰਭੀਰ ਨਹੀਂ ਸੀ ਪਰ ਜਦੋਂ ਲੜਕੀ ਦੇ ਮੂੰਹ ਵਿਚ ਪਾਈਪ ਪਾਈ ਗਈ ਤਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਐਮਰਜੈਂਸੀ ਵਿਚੋਂ ਬਾਹਰ ਕੱਢ ਦਿੱਤਾ ਗਿਆ ਅਤੇ 10 ਮਿੰਟ ਬਾਅਦ ਹੀ ਡਾਕਟਰ ਨੇ ਸਪੱਸ਼ਟ ਕਰ ਦਿੱਤਾ ਕਿ ਲੜਕੀ ਦੀ ਮੌ-ਤ ਹੋ ਗਈ। ਉਨ੍ਹਾਂ ਹਸਪਤਾਲ ਦੇ ਡਾਕਟਰਾਂ ਉਤੇ ਕਥਿਤ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੜਕੀ ਦੇ ਮੂੰਹ ਅਤੇ ਨੱਕ ਵਿਚ ਪਾਈਪ ਪਾ ਕੇ ਇਲਾਜ ਦੌਰਾਨ ਉਸ ਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਉਨ੍ਹਾਂ ਕਿਹਾ ਕਿ ਰਿਧੀ ਨੂੰ ਇੰਨੀ ਜਲਦੀ ਕੁਝ ਨਹੀਂ ਹੋ ਸਕਦਾ। ਇਹ ਸਭ ਕੁਝ ਹਸਪਤਾਲ ਦੇ ਸਟਾਫ਼ ਦੀ ਕਥਿਤ ਲਾਪ੍ਰਵਾਹੀ ਦਾ ਸਬੂਤ ਹੈ। ਉਨ੍ਹਾਂ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਹਸਪਤਾਲ ਦਾ ਲਾਇਸੈਂਸ ਵੀ ਰੱਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨਾਲ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਸਪਤਾਲ ਦੇ ਡਾਕਟਰਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਲੜਕੀ ਦੀ ਮੌ-ਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਹੈ।
ਇਸ ਦੌਰਾਨ ਗੋਮਤੀ ਥਾਪਰ ਹਸਪਤਾਲ ਮੋਗਾ ਦੇ ਡਾ. ਨੀਰੂ ਕੌੜਾ ਨੇ ਕਿਹਾ ਕਿ ਲੜਕੀ ਦੀ ਮੌ-ਤ ਇਲਾਜ ਦੌਰਾਨ ਕਿਸੇ ਅਣਗਹਿਲੀ ਕਾਰਨ ਨਹੀਂ ਹੋਈ ਅਤੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਜਦੋਂ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਦਿਲ ਦੀ ਧੜਕਣ ਬੰਦ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਲੜਕੀ ਦਾ ਪਹਿਲਾਂ ਹੀ ਡਾਇਲਸਿਸ ਚੱਲ ਰਿਹਾ ਸੀ।