ਪੰਜਾਬ ਵਿਚ ਲੁਧਿਆਣੇ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਪਿੰਡ ਬਾਬਰਪੁਰ ਦੀ ਰਹਿਣ ਵਾਲੀ 22 ਸਾਲਾ ਬਿਊਟੀਸ਼ੀਅਨ ਦੇ ਸੱਪ ਨੇ ਡੰਗ ਮਾਰ ਦਿੱਤਾ। ਸਰੀਰ ਵਿਚ ਜ਼ਹਿਰ ਫੈਲ ਰਿਹਾ ਸੀ ਪਰ ਉਸ ਨੂੰ ਹਸਪਤਾਲ ਲਿਜਾਣ ਵਿਚ ਇੰਨੀ ਦੇਰੀ ਹੋਈ ਕਿ ਰਸਤੇ ਵਿਚ ਹੀ ਉਸ ਦੀ ਮੌ-ਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਹਰਮਿੰਦਰ ਕੌਰ ਵਾਸੀ ਬਾਬਰਪੁਰ (ਮਲੌਦ) ਦੇ ਰੂਪ ਵਜੋਂ ਹੋਈ ਹੈ।
ਉਸ ਦੀ ਦੇਹ ਨੂੰ ਪੋਸਟ ਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਰਮਿੰਦਰ ਕੌਰ ਘਰ ਵਿੱਚ ਖਾਣਾ ਬਣਾ ਰਹੀ ਸੀ। ਮੀਂਹ ਪੈਣ ਲੱਗਾ ਤਾਂ ਉਹ ਘਰ ਦਾ ਸਮਾਨ ਢੱਕਣ ਲੱਗ ਪਈ। ਸਮਾਨ ਦੇ ਵਿਚ ਇੱਕ ਸੱਪ ਬੈਠਾ ਸੀ, ਜਿਸ ਨੇ ਹਰਮਿੰਦਰ ਕੌਰ ਦੇ ਪੈਰ ਨੂੰ ਡੰਗ ਦਿੱਤਾ। ਹਰਮਿੰਦਰ ਕੌਰ ਨੇ ਸੱਪ ਨੂੰ ਜਾਂਦਾ ਦੇਖ ਕੇ ਰੌਲਾ ਪਾ ਦਿੱਤਾ।
ਇਲਾਜ ਵਿਚ ਹੋਈ ਦੇਰੀ ਮੌ-ਤ ਦਾ ਬਣੀ ਕਾਰਨ
ਹਰਮਿੰਦਰ ਕੌਰ ਨੂੰ ਜਦੋਂ ਸੱਪ ਨੇ ਡੰਗਿਆ ਤਾਂ ਘਰ ਦੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਕਈਆਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ, ਜਦੋਂ ਕਿ ਕੁਝ ਨੇ ਸਪੇਰੇ (ਜੋਗੀ) ਤੋਂ ਮਣਕਾ ਲਵਾਉਣ ਲਈ ਦਬਾਅ ਪਾਇਆ। ਉਸ ਦਾ ਪਰਿਵਾਰ ਦੁਚਿੱਤੀ ਵਿੱਚ ਸੀ। ਸਭ ਤੋਂ ਪਹਿਲਾ ਕੰਮ ਧੀ ਦੀ ਜਾਨ ਬਚਾਉਣ ਦਾ ਸੀ।
ਇਸ ਦੌਰਾਨ ਪਰਿਵਾਰਕ ਮੈਂਬਰ ਸਭ ਤੋਂ ਪਹਿਲਾਂ ਹਰਮਿੰਦਰ ਕੌਰ ਨੂੰ ਨਜ਼ਦੀਕੀ ਸੱਪਾਂ ਵਾਲੇ ਦੇ ਕੋਲ ਲੈ ਗਏ, ਮਣਕਾ ਲਗਾਉਣ ਦੇ ਬਾਵਜੂਦ ਹਰਮਿੰਦਰ ਕੌਰ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਫਿਰ ਇਕ ਕਲੀਨਿਕ ਉਤੇ ਲੈ ਗਏ। ਉਥੇ ਵੀ ਡਾਕਟਰ ਨੇ ਜਵਾਬ ਦੇ ਦਿੱਤਾ। ਅਖੀਰ ਹਰਮਿੰਦਰ ਕੌਰ ਨੂੰ ਜਦੋਂ ਸਿਵਲ ਹਸਪਤਾਲ ਖੰਨਾ ਲਿਆਂਦਾ ਜਾ ਰਿਹਾ ਸੀ ਤਾਂ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
ਨੀਮ-ਹਕੀਮ ਤੋਂ ਬਚੋ ਸਿੱਧੇ ਹਸਪਤਾਲ ਪਹੁੰਚੋ
ਖੰਨਾ ਸਿਵਲ ਹਸਪਤਾਲ ਦੀ ਐਮ, ਡੀ. (ਮੈਡੀਸਨ) ਡਾ: ਸ਼ਾਇਨੀ ਅਗਰਵਾਲ ਨੇ ਕਿਹਾ ਕਿ ਸੱਪ ਦੇ ਡੰਗਣ ਦੀ ਸੂਰਤ ਵਿੱਚ ਇਲਾਜ ਵਿੱਚ ਦੇਰੀ ਮੌ-ਤ ਦਾ ਕਾਰਨ ਬਣਦੀ ਹੈ। ਇਸ ਮਾਮਲੇ ਦੇ ਵਿੱਚ ਵੀ ਅਜਿਹਾ ਹੀ ਹੋਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇ ਤਾਂ ਨੀਮ-ਹਕੀਮ ਤੋਂ ਬਚੋ ਅਤੇ ਪੀੜਤ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਓ। ਸਰਕਾਰੀ ਹਸਪਤਾਲਾਂ ਵਿੱਚ ਇਸ ਦੇ ਇਲਾਜ ਦੀਆਂ ਪੂਰੀਆਂ ਸਹੂਲਤਾਂ ਹਨ। ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾਂਦਾ ਹੈ, ਜਿਸ ਨਾਲ ਸੱਪਾਂ ਦੇ ਜ਼ਹਿਰ ਦਾ ਅਸਰ ਘੱਟ ਜਾਂਦਾ ਹੈ।