ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਸਰਹਿੰਦ ਰੋਡ ਉਤੇ ਸਥਿਤ ਪਿੰਡ ਝਿੱਲ ਨੇੜੇ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 11 ਦੇ ਏਰੀਏ ਵਿਚ ਦਿਨੇ ਹੀ ਮਾਂ ਅਤੇ ਪੁੱਤ ਦਾ ਕ-ਤ-ਲ ਕਰ ਦਿੱਤਾ ਗਿਆ। ਦੋਵਾਂ ਦੀਆਂ ਦੇਹਾਂ ਘਰ ਦੇ ਬਾਥਰੂਮ ਵਿਚੋਂ ਬਰਾਮਦ ਹੋਣ ਉਤੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੋਵਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਹਾਊਸ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੀ ਪਹਿਚਾਣ ਜਸਵੀਰ ਕੌਰ ਉਮਰ 50 ਸਾਲ ਅਤੇ ਹਰਵਿੰਦਰ ਸਿੰਘ ਜੱਗੀ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ।
ਜੱਗੀ ਦਾ ਪਿਤਾ ਗੁਰਮਨ ਸਿੰਘ ਆਟੋ ਚਾਲਕ ਦੇ ਵਜੋਂ ਕੰਮ ਕਰਦਾ ਹੈ। ਬੁੱਧਵਾਰ ਨੂੰ ਵੀ ਉਹ ਆਟੋ ਲੈ ਕੇ ਕੰਮ ਉਤੇ ਗਿਆ ਹੋਇਆ ਸੀ। ਸ਼ਾਮ 4 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਘਰ ਦੀ ਕੁੰਡੀ ਅੰਦਰ ਤੋਂ ਬੰਦ ਸੀ। ਉਸ ਨੇ ਦਰਵਾਜ਼ੇ ਨੂੰ ਕਈ ਵਾਰ ਖੜਕਾਇਆ ਪਰ ਕਾਫੀ ਦੇਰ ਤੱਕ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਨੇ ਆਪਣੇ ਬੇਟੇ ਅਤੇ ਪਤਨੀ ਨੂੰ ਕਈ ਵਾਰ ਆਵਾਜ ਦਿੱਤੀ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਗੁਰਮਨ ਸਿੰਘ ਨੇ ਨੇੜਲੇ ਇਕ ਘਰ ਤੋਂ ਸਰੀਆਂ ਲੈ ਕੇ ਅੰਦਰੋਂ ਕੁੰਡੀ ਨੂੰ ਤੋੜ ਦਿੱਤਾ।
ਅੰਦਰ ਵੜਦਿਆਂ ਹੀ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਜਦੋਂ ਉਸ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਜਸਵੀਰ ਕੌਰ ਅਤੇ ਜੱਗੀ ਦੀਆਂ ਬਲੱਡ ਨਾਲ ਭਿੱਜੀਆਂ ਦੇਹਾਂ ਪਈਆਂ ਸਨ। ਇਸ ਤੋਂ ਬਾਅਦ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਅਤੇ ਫੋਰੈਂਸਿਕ ਟੀਮ ਵਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਦੇਰ ਸ਼ਾਮ ਤੱਕ ਜਾਂਚ ਕਰਦੀ ਰਹੀ।
ਗੁਆਂਢੀਆਂ ਨੇ ਦੱਸਿਆ ਕਿ ਕੋਈ ਆਵਾਜ਼ ਨਹੀਂ ਸੁਣੀ
ਪ੍ਰਾਪਤ ਜਾਣਕਾਰੀ ਮੁਤਾਬਕ ਜੱਗੀ ਦੇ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰ ਹਨ। ਉਹ ਪਿਛਲੇ ਕੁਝ ਸਮੇਂ ਤੋਂ ਈ-ਰਿਕਸ਼ਾ ਚਲਾ ਰਹੇ ਹਨ। ਉਨ੍ਹਾਂ ਦਾ ਬੇਟਾ ਜੱਗੀ ਪੜ੍ਹਾਈ ਕਰ ਰਿਹਾ ਸੀ। ਦੁਪਹਿਰ ਵੇਲੇ ਮਾਂ ਅਤੇ ਪੁੱਤ ਘਰ ਵਿੱਚ ਹੀ ਸਨ। ਪਿਤਾ ਕੰਮ ਲਈ ਬਾਹਰ ਗਿਆ ਹੋਇਆ ਸੀ। ਸ਼ਾਮ ਨੂੰ ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਵੀ ਆਵਾਜ਼ ਸੁਣਾਈ ਨਹੀਂ ਦਿੱਤੀ।
ਮੌਕੇ ਉਤੇ ਟੀਮ ਸਮੇਤ ਪਹੁੰਚੇ ਐਸ. ਪੀ. ਸਿਟੀ
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਡੀ. ਐਸ. ਪੀ. ਜਸਵਿੰਦਰ ਟਿਵਾਣਾ, ਤ੍ਰਿਪੜੀ ਥਾਣੇ ਦੇ ਐਸ. ਐਚ. ਓ. ਪ੍ਰਦੀਪ ਸਿੰਘ ਬਾਜਵਾ ਅਤੇ ਫੋਰੈਂਸਿਕ ਟੀਮ ਮੌਕੇ ਉਤੇ ਪਹੁੰਚ ਗਏ। ਫੋਰੈਂਸਿਕ ਟੀਮ ਨੇ ਨਮੂਨੇ ਲਏ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਟੀਮ ਇਸ ਕ-ਤ-ਲ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।