ਪੰਜਾਬ ਦੇ ਜਿਲ੍ਹਾ ਰੂਪਨਗਰ ਵਿਖੇ ਨੰਗਲ ਤੋਂ ਨੂਰਪੁਰਬੇਦੀ ਮੁੱਖ ਮਾਰਗ ਉਤੇ ਪਿੰਡ ਭਲਾਣ ਨੇੜੇ ਤਰਫ ਮਜਾਰਾ ਵਿਖੇ ਸਵੇਰੇ ਸਕੂਲ ਜਾ ਰਹੀ 12ਵੀਂ ਜਮਾਤ ਦੀ ਵਿਦਿਆਰਥਣ ਦੀ ਇਕ ਸੜਕ ਹਾਦਸੇ ਵਿਚ ਮੌ-ਤ ਹੋ ਗਈ ਅਤੇ ਇਕ ਵਿਦਿਆਰਥਣ ਜ਼ਖਮੀ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਕੰਚਨ ਕੁਮਾਰੀ ਪੁੱਤਰੀ ਸ. ਬਲਰਾਜ ਵਾਸੀ ਨੰਗਰਾਂ ਅਤੇ ਜ਼ਖ਼ਮੀ ਵਿਦਿਆਰਥਣ ਦੀ ਪਹਿਚਾਣ ਮੀਨਾ ਪੁੱਤਰੀ ਜੰਗ ਬਹਾਦਰ ਵਾਸੀ ਪਿੰਡ ਨੰਗਰਾਂ ਦੇ ਨਾਮ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੰਗਰਾਂ ਤੋਂ ਮੋਟਰਸਾਈਕਲ ਉਤੇ ਆਪਣੇ ਭਰਾ ਸਮੇਤ ਭਲਾਣ ਸਕੂਲ ਜਾ ਰਹੀਆਂ ਵਿਦਿਆਰਥਣਾਂ ਨੂੰ ਪਿੱਛੇ ਤੋਂ ਆ ਰਹੇ ਟਿੱਪਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਵਿਦਿਆਰਥਣ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਦੂਜੀ ਨੂੰ ਜਖਮੀ ਹਾਲ ਵਿਚ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਜਿਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਵਿਚ ਗੁੱਸਾ ਫੈਲ ਗਿਆ ਅਤੇ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਦੇਹ ਸੜਕ ਉਤੇ ਰੱਖ ਕੇ ਸੜਕ ਜਾਮ ਕਰ ਦਿੱਤੀ ਅਤੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਾਮ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ। ਇਸ ਸੜਕ ਉਤੇ ਵਾਪਰ ਰਹੇ ਹਾਦਸਿਆਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੌਕੇ ਉਤੇ ਪੁੱਜੇ ਰੂਪਨਗਰ ਦੇ ਏ. ਡੀ. ਸੀ. (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਐੱਸ. ਪੀ. ਰੂਪਨਗਰ ਰਾਜਪਾਲ ਸਿੰਘ ਹੁੰਦਲ, ਡੀ. ਐਸ. ਪੀ. ਸਤੀਸ਼ ਸ਼ਰਮਾ, ਤਹਿਸੀਲਦਾਰ ਸੰਦੀਪ ਕੁਮਾਰ, ਐੱਸ. ਐੱਚ. ਓ. ਸੰਨੀ ਖੰਨਾ ਅਤੇ ਹੋਰ ਅਧਿਕਾਰੀਆਂ ਨੇ ਇੱਥੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ ਪਰ ਇਸ ਖ਼ਬਰ ਦੇ ਲਿਖੇ ਜਾਣ ਤੱਕ ਧਰਨਾਕਾਰੀ ਅੜੇ ਹੋਏ ਸਨ।
ਨੰਗਲ ਦੇ ਫਲਾਈਓਵਰ ਬਣਨ ਤੇ ਟ੍ਰੈਫਿਕ ਨੂੰ ਡਾਇਵਰਟ ਕਰਨ ਉਤੇ ਵਧ ਗਏ ਹਾਦਸੇ
ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਨੰਗਲ ਦੇ ਫਲਾਈਓਵਰ ਦੇ ਨਿਰਮਾਣ ਕਾਰਨ ਪ੍ਰਸ਼ਾਸਨ ਨੇ ਇਸ ਸੜਕ ਉਤੇ ਸਾਰੀ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਹੈ ਜਦੋਂ ਕਿ ਇਹ ਸੜਕ ਬਹੁਤ ਛੋਟੀ ਅਤੇ ਟੁੱਟੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਇਸ ਸੜਕ ਉਤੇ ਭਾਰੀ ਵਾਹਨ ਤੇਜ਼ ਸਪੀਡ ਨਾਲ ਲੰਘਦੇ ਹਨ, ਜਿਸ ਕਾਰਨ ਕੁਝ ਮਹੀਨਿਆਂ ਵਿਚ ਹੀ ਇਸ ਸੜਕ ਉਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਰਗ ਉਤੇ ਭਾਰੀ ਆਵਾਜਾਈ ਅਤੇ ਨਾਜਾਇਜ਼ ਮਾਈਨਿੰਗ ਮਾਫੀਆ ਦੇ ਵੱਡੇ ਟਿੱਪਰਾਂ ਕਾਰਨ ਸੜਕ ਟੁੱਟਣ ਕਾਰਨ ਕਈ ਮਾਸੂਮ ਜਾਨਾਂ ਜਾ ਚੁੱਕੀਆਂ ਹਨ। ਧਰਨਾਕਾਰੀ ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਉਤੇ ਤੇਜ਼ ਰਫ਼ਤਾਰ ਵਾਹਨਾਂ ਦੇ ਚੱਲਣ ਉਤੇ ਪਾਬੰਦੀ ਲਾਈ ਜਾਵੇ।