ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਵਿਆਹੀ ਮਹਿਲਾ ਨੂੰ ਦਾਜ ਲਈ ਕੋਈ ਜ਼ਹਿਰੀ ਚੀਜ ਦੇ ਕੇ ਕ-ਤ-ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਨੂੰ ਸਰਕਾਰੀ ਨੌਕਰੀ ਮਿਲਣ ਉਤੇ ਸਹੁਰੇ ਪਰਿਵਾਰ ਵਾਲੇ ਦਾਜ ਵਿਚ ਕਾਰ ਦੀ ਮੰਗ ਕਰ ਰਹੇ ਸਨ। ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਉਤੇ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਦੋਸ਼ੀ ਸਹੁਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਿਨ੍ਹਾਂ ਦੀ ਪਹਿਚਾਣ ਪਤੀ ਹਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ, ਸਹੁਰਾ ਗੁਰਬਚਨ ਸਿੰਘ ਪੁੱਤਰ ਹਰਨਾਮ ਸਿੰਘ, ਸੱਸ ਕ੍ਰਿਸ਼ਨਾ ਰਾਣੀ ਪਤਨੀ ਗੁਰਬਚਨ ਸਿੰਘ ਅਤੇ ਨਿਰਮਲ ਕੌਰ ਪੁੱਤਰੀ ਗੁਰਬਚਨ ਸਿੰਘ ਵਾਸੀ ਅਹਿਮਦ ਫੜੀ ਲੱਖੋਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਦੋਸ਼ੀ ਪਤੀ ਦੀ ਗ੍ਰਿਫਤਾਰੀ ਵੀ ਕਰ ਲਈ ਗਈ ਹੈ।
ਹੈਸੀਅਤ ਮੁਤਾਬਕ ਵਿਆਹ ਵਿਚ ਦਿੱਤਾ ਸੀ ਦਾਜ
ਇਸ ਮਾਮਲੇ ਵਿਚ ਭਰਾ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਲਕ ਜਾਦਾ ਅਮੀਰਖਾਸ ਜ਼ਿਲਾ ਫਾਜ਼ਿਲਕਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੀ ਭੈਣ ਪਰਮਜੀਤ ਕੌਰ ਉਮਰ 25 ਸਾਲ ਦਾ ਵਿਆਹ ਸਾਢੇ ਤਿੰਨ ਸਾਲ ਪਹਿਲਾਂ ਹਰਦੀਪ ਸਿੰਘ ਨਾਲ ਧੂਮ-ਧਾਮ ਨਾਲ ਹੋਇਆ ਸੀ। ਵਿਆਹ ਵਿੱਚ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਸੀ ਪਰ ਭੈਣ ਦੇ ਸਹੁਰੇ ਪਰਿਵਾਰ ਵਾਲੇ ਦਾਜ ਤੋਂ ਖੁਸ਼ ਨਹੀਂ ਸਨ। ਉਹ ਦਾਜ ਵਿੱਚ ਕਾਰ ਦੀ ਮੰਗ ਕਰ ਰਹੇ ਸਨ।
ਮਾਪਿਆਂ ਨੇ ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਇਆ ਦਾਖਲ
ਦੋਸ਼ੀਆਂ ਨੇ ਉਸ ਦੀ ਭੈਣ ਦੀ ਕੁੱਟ-ਮਾਰ ਕੀਤੀ ਅਤੇ ਉਸ ਦੇ ਮੂੰਹ ਵਿੱਚ ਕੋਈ ਜ਼ਹਿਰੀ ਚੀਜ਼ ਪਾ ਦਿੱਤੀ। ਸੂਚਨਾ ਮਿਲਣ ਉਤੇ ਉਹ ਭੈਣ ਦੇ ਸਹੁਰੇ ਪਿੰਡ ਪਹੁੰਚੇ ਅਤੇ ਪਰਮਜੀਤ ਕੌਰ ਨੂੰ ਜਲਾਲਾਬਾਦ ਦੇ ਮਿੱਡਾ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਪਰਮਜੀਤ ਦੀ ਮੌ-ਤ ਹੋ ਚੁੱਕੀ ਸੀ।
ਪਤੀ ਪਿਛਲੇ ਮਹੀਨੇ ਹੀ ਬਣਿਆ ਸੀ ਸਰਕਾਰੀ ਅਧਿਆਪਕ
ਪਤੀ ਹਰਦੀਪ ਸਿੰਘ ਨੂੰ ਪਿਛਲੇ ਮਹੀਨੇ ਹੀ ਸਰਕਾਰੀ ਅਧਿਆਪਕ ਵਜੋਂ ਨੌਕਰੀ ਮਿਲੀ ਸੀ। ਦੋਸ਼ੀਆਂ ਨੇ 27 ਜੁਲਾਈ ਨੂੰ ਉਸ ਦੀ ਭੈਣ ਨੂੰ ਜ਼ਹਿਰ ਚੀਜ ਖੁਆ ਦਿੱਤੀ ਸੀ, ਜਿਸ ਦੀ 29 ਜੁਲਾਈ ਨੂੰ ਮੌ-ਤ ਹੋ ਗਈ ਸੀ। ਦੂਜੇ ਪਾਸੇ ਥਾਣਾ ਲੱਖੋਕੇ ਬਹਿਰਾਮ ਦੇ ਇੰਚਾਰਜ ਬਚਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।