ਪੰਜਾਬ ਦੇ ਖੰਨਾ, ਮਾਛੀਵਾੜਾ ਸਾਹਿਬ, ਵਿਚ ਕੈਂਟਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌ-ਤ ਹੋ ਗਈ। ਇਹ ਹਾਦਸਾ ਰਾਹੋਂ ਰੋਡ ਦੇ ਉਤੇ ਲੱਖੋਵਾਲ ਪੈਟਰੋਲ ਪੰਪ ਨੇੜੇ ਵਾਪਰਿਆ। ਇਸ ਹਾਦਸੇ ਦਾ ਕਾਰਨ ਤੇਜ਼ ਸਪੀਡ ਦੱਸਿਆ ਜਾ ਰਿਹਾ ਹੈ। ਕੈਂਟਰ ਦੀ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਦਾ ਹਾਲ ਦੇਖ ਕੇ ਦੋਸ਼ੀ ਡਰਾਈਵਰ ਆਪਣਾ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਜਦੋਂ ਤੱਕ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ, ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ।
ਸਿਰ ਅਤੇ ਸਰੀਰ ਉਤੇ ਲੱਗੀਆਂ ਸਨ ਗੰਭੀਰ ਸੱਟਾਂ
ਮ੍ਰਿਤਕ ਦੀ ਪਹਿਚਾਣ ਬਿੱਟੂ ਉਮਰ 20 ਸਾਲ ਵਾਸੀ ਪਿੰਡ ਬਲੀਬੇਗ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਬਿੱਟੂ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਮੋਟਰਸਾਈਕਲ ਉਤੇ ਜਾ ਰਿਹਾ ਸੀ। ਪੈਟਰੋਲ ਪੰਪ ਨੇੜੇ ਸਾਹਮਣੇ ਤੋਂ ਆ ਰਹੇ ਤੇਜ਼ ਸਪੀਡ ਕੈਂਟਰ ਨੇ ਉਸ ਦੇ ਲੜਕੇ ਨੂੰ ਟੱਕਰ ਮਾਰ ਦਿੱਤੀ। ਕੈਂਟਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਉਸ ਨੂੰ ਕੰਟਰੋਲ ਨਹੀਂ ਕਰ ਸਕਿਆ।
ਉਸ ਦੇ ਪੁੱਤਰ ਦੇ ਸਿਰ ਉਤੇ ਗੰਭੀਰ ਸੱਟਾਂ ਦੇ ਨਾਲ-ਨਾਲ ਸਰੀਰ ਉਤੇ ਕਈ ਹੋਰ ਗੰਭੀਰ ਸੱਟਾਂ ਲੱਗ ਗਈਆਂ ਸਨ। ਜਦੋਂ ਤੱਕ ਉਸ ਦੇ ਪੁੱਤਰ ਨੂੰ ਹਸਪਤਾਲ ਵਿਚ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ। ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਾਈ ਗਈ ਹੈ।
ਦੋਸ਼ੀ ਡਰਾਈਵਰ ਫਰਾਰ, ਭਾਲ ਜਾਰੀ
ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲੋਕ ਇਕੱਠੇ ਹੋ ਗਏ। ਲੋਕਾਂ ਦੀ ਭੀੜ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਕੈਂਟਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਦੋਸ਼ੀ ਦੀ ਪਹਿਚਾਣ ਸਾਬਰ ਖਾਨ ਦੇ ਨਾਮ ਵਜੋਂ ਹੋਈ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਡਰਾਈਵਰ ਖਿਲਾਫ ਵੱਖੋ ਵੱਖ ਧਾਰਾਵਾਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।