ਪੰਜਾਬ ਵਿਚ ਨਵਾਂਸ਼ਹਿਰ ਦੇ ਪਿੰਡ ਮਜਾਰੀ ਨੇੜੇ ਪਿੰਡ ਕਰਾਵਰ ਬੱਸ ਸਟੈਂਡ ਉਤੇ ਅੱਜ ਸਵੇਰੇ ਇੱਕ ਸਕੂਟਰੀ ਉਤੇ ਸਫੈਦੇ ਦਾ ਦਰੱਖਤ ਡਿੱਗ ਗਿਆ। ਇਸ ਹਾਦਸੇ ਵਿਚ ਸਕੂਟਰੀ ਤੇ ਪਿੱਛੇ ਬੈਠੇ ਵਿਅਕਤੀ ਦੀ ਮੌ-ਤ ਹੋ ਗਈ ਅਤੇ ਸਕੂਟਰੀ ਨੂੰ ਚਲਾ ਰਿਹਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਸਦਰ ਥਾਣਾ ਬਲਾਚੌਰ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜ਼ਖਮੀ ਨੂੰ ਇਲਾਜ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪਿੰਡ ਨਿਊ ਕਲੋਨੀ ਰੱਕੜ ਬੇਟ ਦੇ 2 ਵਿਅਕਤੀ ਕਿਸੇ ਕੰਮ ਦੇ ਸਿਲਸਿਲੇ ਵਿਚ ਪਿੰਡ ਮਜਾਰੀ ਜਾ ਰਹੇ ਸਨ। ਜਦੋਂ ਉਹ ਆਪਣੀ ਸਕੂਟਰੀ ਨੰਬਰ ਪੀਬੀ 32-ਏਬੀ 3925 ਉਤੇ ਪਿੰਡ ਕਰਾਵਰ ਕੋਲ ਪਹੁੰਚੇ ਤਾਂ ਅਚਾਨਕ ਸਫੈਦੇ ਦੇ ਦਰੱਖਤ ਦਾ ਟਾਹਣਾ ਉਨ੍ਹਾਂ ਉਤੇ ਡਿੱਗ ਪਿਆ। ਇਸ ਦੌਰਾਨ ਸਕੂਟਰੀ ਦੇ ਪਿੱਛੇ ਬੈਠੇ ਕਾਬਲ ਸਿੰਘ ਸਾਬਕਾ ਸਰਪੰਚ ਪੁੱਤਰ ਚਰਨ ਦਾਸ ਉਮਰ ਕਰੀਬ 50 ਸਾਲ ਵਾਸੀ ਪਿੰਡ ਨਵੀਂ ਕਲੋਨੀ ਰੱਕੜ ਬੇਟ ਦੇ ਸਿਰ ਉਤੇ ਸੱਟ ਲੱਗ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਜਦੋਂ ਕਿ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਨਿਊ ਕਲੋਨੀ ਰੱਕੜ ਬੇਟ ਦੇ ਵੀ ਸਿਰ ਵਿੱਚ ਗੰਭੀਰ ਸੱਟਾਂ ਲੱਗ ਗਈਆਂ ਹਨ। ਕਾਬਲ ਸਿੰਘ ਨੂੰ ਦਰੱਖਤ ਦੇ ਟਾਹਣੇ ਹੇਠੋਂ ਬਾਹਰ ਕੱਢ ਕੇ ਬਲਾਚੌਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਕੂਟਰੀ ਦਾ ਕੋਈ ਨੁਕਸਾਨ ਨਹੀਂ ਹੋਇਆ, ਸਿਰਫ ਇਕ ਪਾਸੇ ਦਾ ਸ਼ੀਸ਼ਾ ਟੁੱਟਿਆ ਹੈ। ਪੁਲਿਸ ਨੇ ਇਸ ਹਾਦਸੇ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।