ਭਾਰਤੀ ਫੌਜ ਦੀ ਗੱਡੀ ਜੰਮੂ, ਕਸ਼ਮੀਰ ਵਿਚ ਲੇਹ ਰੋਡ ਉਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਜਵਾਨਾਂ ਵਿਚ ਤਰਨਦੀਪ ਸਿੰਘ ਉਮਰ 23 ਸਾਲ ਫਤਹਿਗੜ੍ਹ ਸਾਹਿਬ ਦੀ ਤਹਿਸੀਲ ਬੱਸੀ ਪਠਾਣਾਂ ਦੇ ਪਿੰਡ ਕਮਾਲੀ ਦਾ ਰਹਿਣ ਵਾਲਾ ਵੀ ਸ਼ਾਮਲ ਸੀ। ਤਰਨਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ। ਤਰਨਦੀਪ ਸਿੰਘ ਦਸੰਬਰ 2018 ਵਿਚ ਭਰਤੀ ਹੋਇਆ ਸੀ। ਉਹ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ।
ਇਸ ਸਾਲ ਦਸੰਬਰ ਵਿੱਚ ਉਸ ਨੇ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਪੁਰਬ ਮੌਕੇ ਮੱਥਾ ਟੇਕਣ ਅਤੇ ਪਰਿਵਾਰ ਨੂੰ ਮਿਲਣ ਲਈ ਛੁੱਟੀ ਆਉਣਾ ਸੀ। ਇਸ ਤੋਂ ਪਹਿਲਾਂ ਹੀ ਦੁਖਦ ਭਾਣਾ ਵਰਤ ਗਿਆ, ਉਹ ਸ਼ਹੀਦ ਹੋ ਗਿਆ। ਜਾਣਕਾਰੀ ਦਿੰਦਿਆਂ ਤਰਨਦੀਪ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਦੀ ਛੁੱਟੀ ਕੱਟਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਲੇਹ ਲੱਦਾਖ ਵਿਚ ਡਿਊਟੀ ਉਤੇ ਗਿਆ ਸੀ। ਉਥੇ ਹੋਰ ਸਾਥੀਆਂ ਨਾਲ ਕਿਸੇ ਥਾਂ ਉਤੇ ਹੋਣ ਵਾਲੀਆਂ ਖੇਡਾਂ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਰਸਤੇ ਵਿਚ ਇਹ ਹਾਦਸਾ ਵਾਪਰ ਗਿਆ।
ਖੁਦ ਤੋਂ ਪਹਿਲਾਂ ਕਰਨਾ ਚਾਹੁੰਦਾ ਸੀ ਭੈਣ ਦਾ ਵਿਆਹ
ਤਰਨਦੀਪ ਸਿੰਘ ਦੇ ਵਿਆਹ ਨੂੰ ਲੈ ਕੇ ਪਰਿਵਾਰ ਵਿਚ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਪਰ ਤਰਨਦੀਪ ਸਿੰਘ ਨੇ ਮਨਾ ਕਰ ਦਿੱਤਾ ਸੀ। ਉਸ ਦੀ ਇੱਛਾ ਇਹ ਸੀ ਕਿ ਉਹ ਪਹਿਲਾਂ ਆਪਣੀ ਵੱਡੀ ਭੈਣ ਦਾ ਵਿਆਹ ਕਰੇਗਾ। ਇਸ ਤੋਂ ਬਾਅਦ ਉਹ ਆਪ ਵਿਆਹ ਕਰਵਾਏਗਾ। ਪਰਿਵਾਰ ਵਾਲੇ ਉਸ ਦੀ ਭੈਣ ਲਈ ਚੰਗੇ ਲੜਕੇ ਦੀ ਤਲਾਸ਼ ਕਰ ਰਹੇ ਸਨ। ਦਸੰਬਰ ਵਿਚ ਤਰਨਦੀਪ ਸਿੰਘ ਦੇ ਆਉਣ ਉਤੇ ਭੈਣ ਦੇ ਵਿਆਹ ਨੂੰ ਲੈ ਕੇ ਪਰਿਵਾਰ ਨੇ ਆਪਸ ਵਿਚ ਫੈਸਲਾ ਲੈਣਾ ਸੀ। ਤਰਨਦੀਪ ਸਿੰਘ ਦੇ ਪਿਤਾ ਇੱਕ ਛੋਟੇ ਕਿਸਾਨ ਹਨ। ਉਹ 3.5 ਏਕੜ ਜ਼ਮੀਨ ਉਤੇ ਖੇਤੀਬਾੜੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ।
ਮਾਂ ਨਾਲ ਆਖਰੀ ਵਾਰ ਡੇਢ ਘੰਟੇ ਤੱਕ ਕੀਤੀ ਸੀ ਗੱਲ
ਪਰਿਵਾਰ ਨੇ ਦੱਸਿਆ ਕਿ ਬੇਟੇ ਨੇ ਆਪਣੀ ਮਾਂ ਨਾਲ ਡੇਢ ਘੰਟੇ ਤੱਕ ਆਖਰੀ ਵਾਰ ਗੱਲ ਕੀਤੀ ਸੀ। ਕਿਉਂਕਿ ਲੇਹ ਲੱਦਾਖ ਵਿਚ ਨੈੱਟਵਰਕ ਦੀ ਸਮੱਸਿਆ ਹੋਣ ਦੇ ਕਾਰਨ ਗੱਲਬਾਤ ਨਹੀਂ ਸੀ ਹੁੰਦੀ।