ਪੰਜਾਬ ਦੇ ਤਰਨਤਾਰਨ ਵਿਚ ਇਕ ਸਵਿਫਟ ਗੱਡੀ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ ਦਰਾਣੀ ਅਤੇ ਜਠਾਣੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਕਾਰ ਚਲਾ ਰਹੇ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦਾ ਹਾਲ ਵੀ ਨਾਜ਼ੁਕ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਹਾਦਸਾ ਤਰਨਤਾਰਨ ਦੇ ਪੱਟੀ ਦੇ ਝੰਡੋਕੇ ਸਰਹਾਲੀ ਦੇ ਨੇੜੇ ਵਾਪਰਿਆ ਹੈ। ਇਸ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਤਰਨਤਾਰਨ ਦੇ ਪਿੰਡ ਲੋਹਕਾ ਤੋਂ ਅੰਮ੍ਰਿਤਸਰ ਦੇ ਸ਼ਹੀਦਾਂ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ। ਪਰਿਵਾਰ ਅਜੇ ਝੰਡੋਕੇ ਸਰਹਾਲੀ ਨਜਦੀਕ ਪਹੁੰਚਿਆ ਸੀ ਕਿ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਕੇ ਟਕਰਾ ਗਈ। ਕਾਰ ਦਾ ਬੋਨਟ ਪੂਰੀ ਤਰ੍ਹਾਂ ਚਕਨਾ-ਚੂਰ ਹੋ ਗਿਆ।
ਕਾਰ ਦੇ ਅੱਗੇ ਅਤੇ ਪਿੱਛੇ ਬੈਠੀ ਦਰਾਣੀ ਅਤੇ ਜਠਾਣੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਾਰ ਡਰਾਈਵਰ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਨੌਸ਼ਹਿਰਾ ਪੰਨੂਆ ਦੇ ਸਬ ਇੰਸਪੈਕਟਰ ਇਕਬਾਲ ਸਿੰਘ ਮੌਕੇ ਉਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦੇਹਾਂ ਨੂੰ ਮੋਰਚਰੀ ਵਿਚ ਭੇਜ ਦਿੱਤਾ ਗਿਆ ਹੈ, ਜਦੋਂ ਕਿ ਕਾਰ ਡਰਾਈਵਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਦਾ ਹਾਲ ਵੀ ਨਾਜ਼ੁਕ ਬਣਿਆ ਹੋਇਆ ਹੈ। ਮ੍ਰਿਤਕ ਔਰਤਾਂ ਦੀ ਪਹਿਚਾਣ ਅਮਰਜੀਤ ਕੌਰ ਅਤੇ ਮਨਪ੍ਰੀਤ ਕੌਰ ਦੇ ਰੂਪ ਵਜੋਂ ਹੋਈ ਹੈ। ਕਾਰ ਨੂੰ ਮ੍ਰਿਤਕ ਅਮਰਜੀਤ ਕੌਰ ਦਾ ਪਤੀ ਪਰਮਜੀਤ ਸਿੰਘ ਚਲਾ ਰਿਹਾ ਸੀ।