ਕੈਨੇਡਾ ਦੇ ਸਰੀ ਇਲਾਕੇ ਤੋਂ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਮੰਦਭਾਗਾ ਸਮਾਚਾਰ ਸਾਹਮਣੇ ਆਇਆ ਹੈ, ਜਿੱਥੇ ਪੰਜਾਬੀ ਨੌਜਵਾਨ ਮਨਜੋਤ ਸਿੰਘ ਉਮਰ 19 ਸਾਲ ਖੁਸ਼ੀ-ਖੁਸ਼ੀ ਕਾਲਜ ਦੀ ਕਲਾਸ ਲਾਉਣ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਦੁਨੀਆਂ ਵਿੱਚ ਉਸ ਦਾ ਆਖਰੀ ਦਿਨ ਹੋਵੇਗਾ। ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਭਤੀਜੇ ਅਮਨਦੀਪ ਸਿੰਘ ਜੋ ਕਿ ਕੈਨੇਡਾ ਰਹਿੰਦਾ ਹੈ, ਉਸ ਨੂੰ ਕੈਨੇਡਾ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਮਨਜੋਤ ਸਿੰਘ ਦੀ ਦਿਲ ਦਾ ਅਟੈਕ ਆਉਣ ਕਾਰਨ ਮੌ-ਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਨਜੋਤ ਸਿੰਘ ਬੀਤੀ 7 ਅਗਸਤ ਨੂੰ ਕੈਨੇਡਾ ਪੜ੍ਹਨ ਲਈ ਗਿਆ ਸੀ। ਸੋਮਵਾਰ ਨੂੰ ਪਹਿਲੇ ਦਿਨ ਦੀ ਕਲਾਸ ਜਦੋਂ ਉਹ ਕਾਲਜ ਪਹੁੰਚਿਆ ਤਾਂ ਉਸ ਨੂੰ ਦਿਲ ਦਾ ਦੌ-ਰਾ ਪੈ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਘਨੌਰ ਇਲਾਕੇ ਦੇ ਪਿੰਡ ਸ਼ੰਭੂ ਖੁਰਦ ਦੇ ਰਹਿਣ ਵਾਲੇ ਮਨਜੋਤ ਸਿੰਘ ਦੇ ਰੂਪ ਵਜੋਂ ਹੋਈ ਹੈ। ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ ਅਤੇ ਹੁਣ ਉਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਉਸ ਦੀ ਦੇਹ ਨੂੰ ਭਾਰਤ ਵਾਪਸ ਲਿਆ ਸਕਣ।
ਪਰਿਵਾਰ ਨੇ ਵਿਦੇਸ਼ੀ ਸਮਾਜ ਸੇਵੀ ਸੰਸਥਾਵਾਂ, ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦੀ ਦੇਹ ਕੈਨੇਡਾ ਤੋਂ ਪੰਜਾਬ (ਭਾਰਤ) ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਪਰਿਵਾਰ ਦੀ ਮਦਦ ਲਈ ਮ੍ਰਿਤਕ ਨੌਜਵਾਨ ਮਨਜੋਤ ਸਿੰਘ ਦੇ ਕੈਨੇਡਾ ਰਹਿੰਦੇ ਚਚੇਰੇ ਭਰਾ ਅਮਨਦੀਪ ਸਿੰਘ ਵੱਲੋਂ ਦੇਹ ਨੂੰ ਪੰਜਾਬ ਭੇਜਣ ਲਈ ਫੰਡਰੇਜ਼ਰ ਪੇਜ GoFundMe ਉਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਅਤੇ ਪ੍ਰਵਾਸੀ ਭਰਾਵਾਂ ਨੂੰ ਵੀ ਦੁਖੀ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਸ ਦਾ ਪਰਿਵਾਰ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕੇ ਅਤੇ ਉਸ ਦੀਆਂ ਅੰਤਿਮ ਰਸਮਾਂ ਆਪਣੇ ਹੱਥਾਂ ਨਾਲ ਪੂਰੀਆਂ ਕਰ ਸਕੇ।