ਪੰਜਾਬੀ ਨੌਜਵਾਨ ਦੇ ਸ਼ਹੀਦ ਹੋਣ ਦਾ ਇਕ ਹੋਰ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਜੰਮੂ ਦੇ ਰਾਜੌਰੀ ਏਰੀਏ ਵਿੱਚ ਸ਼ਹੀਦ ਹੋਏ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਧੂਰੀ ਦੇ ਪਿੰਡ ਭਸੌੜ ਦੇ 25 ਸਾਲ ਉਮਰ ਦੇ ਸਿਪਾਹੀ ਹਰਸਿਮਰਨ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਹੰਝੂ ਭਰੀਆਂ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ। ਸ਼ਹੀਦ ਹਰਸਿਮਰਨ ਸਿੰਘ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਥਿ-ਆਰ-ਬੰਦ ਸਲਾਮੀ ਦਿੱਤੀ ਗਈ।
ਸੰਸਕਾਰ ਦੇ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸ਼ਹੀਦ ਹਰਸਿਮਰਨ ਸਿੰਘ ਦੀ ਮ੍ਰਿਤਕ ਦੇਹ ਉਤੇ ਫੁੱਲ-ਮਾਲਾਵਾਂ ਚੜ੍ਹਾ ਕੇ ਉਸ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐਸ. ਡੀ. ਪ੍ਰੋਫੈਸਰ ਓਮਕਾਰ ਸਿੰਘ ਅਤੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਜ) ਅਨਮੋਲ ਸਿੰਘ ਧਾਲੀਵਾਲ ਵਲੋਂ ਵੀ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ।
ਇਸ ਦੁਖ ਭਰੇ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਹਰਸਿਮਰਨ ਸਿੰਘ ਵਲੋਂ ਦੇਸ਼ ਦੀ ਰੱਖਿਆ ਅਤੇ ਸੇਵਾ ਲਈ ਆਪਣੀ ਜਾਨ ਕੁਰਬਾਨ ਕੀਤੀ ਗਈ ਹੈ, ਇਸ ਲਈ ਉਹ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਸ਼ਹੀਦ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਹਰਸਿਮਰਨ ਸਿੰਘ ਦੀ ਸ਼ਹਾਦਤ ਉਨ੍ਹਾਂ ਦੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਦੀ ਨੀਤੀ ਦੇ ਅਨੁਸਾਰ ਸ਼ਹੀਦ ਜਵਾਨ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।