ਜਿਲ੍ਹਾ ਮੋਹਾਲੀ (ਪੰਜਾਬ) ਦੇ ਲਾਲੜੂ ਥਾਣਾ ਹੰਡੇਸਰਾ ਅੰਦਰ ਪੈਂਦੇ ਪਿੰਡ ਰਾਣੀਮਾਜਰਾ ਨੇੜੇ ਤੇਜ਼ ਸਪੀਡ ਕਾਰ ਦੀ ਲਪੇਟ ਵਿਚ ਆਉਣ ਨਾਲ ਦੂਜੀ ਕਾਰ ਸੰਤੁਲਨ ਗੁਆ ਕੇ ਛੱਪੜ ਵਿਚ ਜਾ ਡਿੱਗ ਪਈ। ਇਸ ਦੌਰਾਨ ਕਾਰ ਡਰਾਈਵਰ ਦੀ ਮੌ-ਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਗੁਰਮੀਤ ਸਿੰਘ ਉਮਰ 49 ਸਾਲ ਪੁੱਤਰ ਅਮਰੀਕ ਸਿੰਘ ਵਾਸੀ ਜੌਲਾ ਖੁਰਦ ਦੇ ਰੂਪ ਵਜੋਂ ਕੀਤੀ ਹੈ। ਮ੍ਰਿਤਕ ਗੁਰਮੀਤ ਸਿੰਘ ਬਨੂੜ ਥਾਣੇ ਵਿੱਚ ਪੰਜਾਬ ਪੁਲਿਸ ਵਿੱਚ ਏ. ਐਸ. ਆਈ. ਵਜੋਂ ਕੰਮ ਕਰਦੇ ਸਨ। ਪੁਲਿਸ ਨੇ ਮ੍ਰਿਤਕ ਦੇ ਭਰਾ ਸੁਖਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਅਣਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਦੇ ਛੋਟੇ ਭਰਾ ਸੁਖਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਮੱਝਾਂ ਦਾ ਸੌਦਾ ਕਰਨ ਲਈ ਪਿੰਡ ਬਡਾਣਾ ਗਏ ਸਨ। ਭਰਾ ਗੁਰਮੀਤ ਸਿੰਘ ਨੂੰ ਛੁੱਟੀ ਸੀ ਅਤੇ ਉਹ ਘਰ ਹੀ ਸੀ। ਮੱਝਾਂ ਦਾ ਸੌਦਾ ਤੈਅ ਹੋਣ ਤੋਂ ਬਾਅਦ ਉਹ ਪੈਸੇ ਲੈ ਕੇ ਕਾਰ ਵਿਚ ਬਡਾਣਾ ਪਹੁੰਚਿਆ। ਸ਼ਾਮ ਕਰੀਬ ਅੱਠ ਵਜੇ ਉਹ ਮੋਟਰਸਾਈਕਲ ਉਤੇ ਭਰਾ ਗੁਰਮੀਤ ਦੀ ਕਾਰ ਦੇ ਪਿੱਛੇ ਆ ਰਿਹਾ ਸੀ। ਜਿਵੇਂ ਹੀ ਉਹ ਪਿੰਡ ਰਾਣੀਮਾਜਰਾ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਸਪੀਡ ਕਾਰ ਨੇ ਉਸ ਦੇ ਭਰਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਸੰਤੁਲਨ ਵਿਗੜਨ ਕਾਰਨ ਕਾਰ ਛੱਪੜ ਵਿੱਚ ਜਾ ਕੇ ਡਿੱ-ਗ ਪਈ। ਉਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਗੁਰਮੀਤ ਸਿੰਘ ਨੂੰ ਬੇ-ਹੋ-ਸ਼ੀ ਦੇ ਹਾਲ ਵਿਚ ਕਾਰ ਵਿਚੋਂ ਬਾਹਰ ਕੱਢਿਆ ਅਤੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਗੁਰਮੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਲਿਸ ਨੇ ਸੁਖਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਕਾਰ ਦਾ ਨੰਬਰ ਨੋਟ ਕਰਕੇ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਦੇਹ ਦਾ ਪੋਸਟ ਮਾਰਟਮ ਕਰਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਦੋਵੇਂ ਬੇਟੇ ਵਿਦੇਸ਼ ਵਿੱਚ ਰਹਿੰਦੇ ਹਨ। ਮੰਗਲਵਾਰ ਨੂੰ ਵਾਪਸ ਆਉਣ ਤੋਂ ਬਾਅਦ ਹੀ ਦੇਹ ਦਾ ਸਸਕਾਰ ਕੀਤਾ ਜਾਵੇਗਾ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।