ਪੰਜਾਬ ਦੇ ਬਰਨਾਲਾ ਤੋਂ ਮੋਗਾ ਕੌਮੀ ਮਾਰਗ ਊਤੇ ਟੋਲ ਪਲਾਜ਼ਾ ਦੀ ਲਾ-ਪ੍ਰਵਾਹੀ ਕਾਰਨ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਬੀਤੀ ਰਾਤ ਕਰੀਬ 11 ਵਜੇ ਵਾਪਰ ਗਿਆ। ਇਸ ਮੌਕੇ ਮ੍ਰਿਤਕ ਦੇ ਚਾਚਾ ਗੁਰਤੇਜ ਸਿੰਘ, ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਬਰਾੜ ਭਾਜਪਾ ਪਾਰਟੀ ਬਠਿੰਡਾ, ਕੌਂਸਲਰ ਜਗਮੋਹਨ ਸਿੰਘ ਅਤੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਉਮਰ 21 ਸਾਲ ਪੁੱਤਰ ਗੁਰਜੰਟ ਸਿੰਘ ਪਿੰਡ ਭਗਤਾ ਕੋਠੇ ਭਾਈਆਣਾ ਜਿਲ੍ਹਾ ਬਠਿੰਡਾ ਆਪਣੇ ਦੋਸਤ ਜਗਸੀਰ ਸਿੰਘ ਉਮਰ 20 ਸਾਲ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਢਪਾਲੀ ਜਿਲ੍ਹਾ ਬਠਿੰਡਾ ਨਾਲ ਮਾਰੂਤੀ ਕਾਰ ਵਿੱਚ ਨਿਹਾਲ ਸਿੰਘ ਵਾਲਾ (ਮੋਗਾ) ਤੋਂ ਬਰਨਾਲਾ ਵੱਲ ਵਾਪਸ ਆ ਰਿਹਾ ਸੀ।
ਜਦੋਂ ਉਹ ਪਿੰਡ ਬਖਤਗੜ੍ਹ ਤੋਂ ਮੱਲੀਆਂ ਟੋਲ ਪਲਾਜ਼ਾ ਉਤੇ ਪਹੁੰਚਿਆ ਤਾਂ ਉਥੇ ਕੋਈ ਬਿਜਲੀ ਦੀ ਲਾਈਟ ਜਾਂ ਦਿਸ਼ਾ ਬੋਰਡ ਨਾ ਹੋਣ ਕਰਕੇ ਉਸ ਦੀ ਮਾਰੂਤੀ ਕਾਰ ਟੋਲ ਪਲਾਜ਼ਾ ਉਤੇ ਬਣੀ ਪੱਥਰ ਦੀਆਂ ਕੰਧਾਂ ਨਾਲ ਟਕਰਾ ਗਈ। ਇਸ ਭਿਆ-ਨਕ ਸੜਕ ਹਾਦਸੇ ਵਿਚ ਕਾਰ ਡਰਾਈਵਰ ਅੰਮ੍ਰਿਤਪਾਲ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਅਤੇ ਉਸ ਦਾ ਦੋਸਤ ਜਗਸੀਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਬਠਿੰਡਾ ਦੇ ਆਦੇਸ਼ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜਿਸ ਦਾ ਹਾਲ ਵੀ ਨਾਜ਼ੁਕ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਅੰਮ੍ਰਿਤਪਾਲ ਸਿੰਘ ਉਮਰ 21 ਸਾਲ ਆਪਣੀਆਂ ਦੋ ਭੈਣਾਂ ਅਤੇ ਵਿਧਵਾ ਮਾਂ ਦਾ ਇਕ-ਲੌਤਾ ਪੁੱਤਰ ਸੀ, ਜਿਸ ਨੇ 15 ਫਰਵਰੀ ਨੂੰ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨ ਲਈ ਕੈਨੇਡਾ ਜਾਣਾ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਹਾਦਸੇ ਵਿੱਚ ਉਸ ਦੀ ਮੌ-ਤ ਉਸ ਨੂੰ ਗਲੇ ਲਗਾ ਲਵੇਗੀ। ਇਸ ਮੌਕੇ ਸਰਪੰਚ ਬਖਤਗੜ੍ਹ ਤਰਨਜੀਤ ਸਿੰਘ ਦੁੱਗਲ, ਸਰਪੰਚ ਹਰਸ਼ਰਨ ਸਿੰਘ ਟੱਲੇਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਅਤੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਸ਼੍ਰੋਮਣੀ ਅਕਾਲੀ ਦਲ ਮਹਿਲਕਲਾਂ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਵਲੋਂ ਟੋਲ ਪਲਾਜ਼ਾ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।