ਵਿਦੇਸ਼ੀ ਧਰਤੀ ਆਸਟ੍ਰੇਲੀਆ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੇ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਇਕ ਸੜਕ ਹਾਦਸੇ ਦੌਰਾਨ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਧੀਰੋਵਾਲ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਦੱਤਾ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਕੁਮਾਰ ਦੱਤਾ 2017-18 ਵਿੱਚ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ।
ਪੁੱਤਰ ਦੇ ਦੋਸਤਾਂ ਤੋਂ ਮਿਲੀ ਮੌ-ਤ ਦੀ ਸੂਚਨਾ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਬਖਸ਼ ਲਾਲ ਨੇ ਦੱਸਿਆ ਹੈ ਕਿ ਸਾਲ 2017-18 ਵਿੱਚ ਉਨ੍ਹਾਂ ਦਾ ਪੁੱਤਰ ਵਰਿੰਦਰ ਕੁਮਾਰ ਦੱਤਾ ਰੁਜ਼ਗਾਰ ਦੀ ਭਾਲ ਵਿੱਚ ਅਤੇ ਆਪਣਾ ਚੰਗਾ ਭਵਿੱਖ ਬਣਾਉਣ ਲਈ ਆਸਟ੍ਰੇਲੀਆ ਗਿਆ ਸੀ। ਉਨ੍ਹਾਂ ਨੂੰ ਆਪਣੇ ਪੁੱਤਰ ਦੇ ਦੋਸਤਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਆਸਟ੍ਰੇਲੀਆ ਦੇ ਐਡੀਲੇਡ ਵਿਚ ਇਕ ਸੜਕ ਹਾਦਸੇ ਵਿਚ ਮੌ-ਤ ਹੋ ਗਈ ਹੈ।
ਕਰਜ਼ਾ ਲੈਕੇ ਭੇਜਿਆ ਸੀ ਪੁੱਤਰ ਨੂੰ ਵਿਦੇਸ਼
ਜਾਣਕਾਰੀ ਦਿੰਦਿਆਂ ਵਰਿੰਦਰ ਕੁਮਾਰ ਦੱਤਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਤੁਰੰਤ ਆਸਟ੍ਰੇਲੀਆ ਤੋਂ ਭਾਰਤ (ਪੰਜਾਬ) ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖ ਸਕਣ ਅਤੇ ਸਮਾਜਿਕ ਰਸਮਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।