ਝੱਜਰ (ਹਰਿਆਣਾ) ਦੇ ਪਿੰਡ ਜਹਾਂਗੀਰਪੁਰ ਦਾ ਇੱਕ ਜਵਾਨ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਿਆ। ਜਵਾਨ ਹਰੀਸ਼ ਉਮਰ 35 ਸਾਲ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪਿਆ ਅਤੇ ਇਸ ਕਾਰਨ ਉਸ ਦੀ ਮੌ-ਤ ਹੋ ਗਈ। ਸ਼ਹੀਦ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ। ਹਜ਼ਾਰਾਂ ਲੋਕਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਉਸ ਨੂੰ ਵਿਦਾਈ ਦਿੱਤੀ। ਉਸ ਦੇ ਫੌਜੀ ਸਾਥੀਆਂ ਵਲੋਂ ਉਸ ਨੂੰ ਗਾਰਡ ਆਫ ਆਨਰ ਦਿੱਤਾ ਗਿਆ।
ਸੀ. ਆਰ. ਪੀ. ਐੱਫ. ਜਵਾਨ ਹਰੀਸ਼ ਕਿਸ਼ਤਵਾੜਾ, ਸ਼੍ਰੀਨਗਰ, ਜੰਮੂ ਵਿੱਚ ਚੋਣ ਡਿਊਟੀ ਉਤੇ ਸੀ। 18 ਅਪ੍ਰੈਲ ਨੂੰ ਸ਼ਾਮ 4 ਵਜੇ ਦੇ ਕਰੀਬ ਉਸ ਨੇ ਪਹਿਲਾਂ ਪੇਟ ਦਰਦ ਦੀ ਸ਼ਿਕਾਇਤ ਕੀਤੀ। ਹੌਲੀ-ਹੌਲੀ ਉਸ ਦੀ ਸਿਹਤ ਵਿਗੜਦੀ ਗਈ ਅਤੇ ਉਸ ਨੂੰ ਦਿਲ ਦਾ ਦੌ-ਰਾ ਪੈ ਗਿਆ। ਉਸ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਨੀਵਾਰ ਨੂੰ ਤਿਰੰਗੇ ਵਿਚ ਲਪੇਟੀ ਜਵਾਨ ਹਰੀਸ਼ ਦੀ ਦੇਹ ਉਸ ਦੇ ਜੱਦੀ ਪਿੰਡ ਜਹਾਂਗੀਰਪੁਰ ਪਹੁੰਚੀ। ਹਥਿ-ਆਰ-ਬੰਦ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਜਵਾਨ ਹਰੀਸ਼ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਪਿੰਡ ਪਲੜਾ ਦੀ ਲੜਕੀ ਹਸਮੁਖੀ ਨਾਲ ਹੋਇਆ ਸੀ। ਹਰੀਸ਼ ਦੀ ਸਿਰਫ 3 ਸਾਲ ਦੀ ਧੀ ਯਸ਼ਸਵੀ ਹੈ। ਹਰੀਸ਼ ਦੇ ਪਿਤਾ ਰਾਮਕਿਸ਼ਨ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਨ। ਹੁਣ ਉਹ ਸੇਵਾਮੁਕਤ ਹੋ ਚੁੱਕੇ ਹਨ। ਹਰੀਸ਼ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।
ਹਰੀਸ਼ ਮਾਰਚ 2012 ਵਿੱਚ ਸੀ. ਆਰ. ਪੀ. ਐਫ. ਦੀ 49ਵੀਂ ਬਟਾਲੀਅਨ ਵਿੱਚ ਭਰਤੀ ਹੋਇਆ ਸੀ। ਹਰੀਸ਼ ਦੇ ਅੰਤਿਮ ਸੰਸਕਾਰ ਮੌਕੇ ਮੁੱਖ ਅਗਨੀ ਉਸ ਦੇ ਭਰਾ ਹਰੀਓਮ ਨੇ ਦਿੱਤੀ। ਸੈਨਾ ਦੇ ਜਵਾਨਾਂ ਨੇ ਤਿਰੰਗਾ ਝੰਡਾ ਉਸ ਦੇ ਪਿਤਾ ਰਾਮ ਕਿਸ਼ਨ ਨੂੰ ਸੌਂਪਿਆ। ਜਵਾਨ ਹਰੀਸ਼ ਦੀ ਅੰਤਿਮ ਯਾਤਰਾ ਵਿੱਚ ਪ੍ਰਸ਼ਾਸਨ ਵੱਲੋਂ ਐਸ. ਡੀ. ਐਮ. ਬਾਦਲੀ ਸਤੀਸ਼ ਯਾਦਵ, ਬੀ. ਡੀ. ਪੀ. ਓ. ਬਾਦਲੀ ਯੁੱਧਵੀਰ ਸਿੰਘ, ਐਸ. ਐਚ. ਓ. ਬਾਦਲੀ ਰਮੇਸ਼ ਚੰਦਰ ਮੁੱਖ ਤੌਰ ਉਤੇ ਹਾਜ਼ਰ ਸਨ।