ਜਿਲ੍ਹਾ ਫਾਜ਼ਿਲਕਾ (ਪੰਜਾਬ) ਦੇ ਅਬੋਹਰ ਵਿਚ ਕਰੀਬ ਤਿੰਨ ਦਿਨ ਪਹਿਲਾਂ ਆਪਣੀ ਮਾਂ ਨੂੰ ਮਜ਼ਦੂਰੀ ਲਈ ਦਾਣਾ ਮੰਡੀ ਵਿਚ ਛੱਡਣ ਲਈ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਨਾਲ ਹਾਦਸਾ ਵਾਪਰ ਗਿਆ ਸੀ। ਇਸ ਸੜਕ ਹਾਦਸੇ ਦੌਰਾਨ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਜਿਸ ਦੀ ਅੱਜ ਬਠਿੰਡਾ ਵਿਚ ਇਲਾਜ ਦੌਰਾਨ ਮੌ-ਤ ਹੋ ਗਈ ਹੈ। ਮ੍ਰਿਤਕ ਦੀ ਦੇਹ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
2 ਜੂਨ ਹੋਇਆ ਸੀ ਜ਼ਖ਼ਮੀ
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਜਸਪ੍ਰੀਤ ਉਮਰ 18 ਸਾਲ ਦੇ ਚਾਚੇ ਇੰਦਰਜੀਤ ਨੇ ਦੱਸਿਆ ਕਿ ਜਸਪ੍ਰੀਤ ਦੇ ਪੰਜ ਭਰਾ ਹਨ ਅਤੇ ਉਹ ਵੈਲਡਰ ਦਾ ਕੰਮ ਕਰਦਾ ਸੀ। ਬੀਤੀ 2 ਜੂਨ ਨੂੰ ਉਹ ਆਪਣੀ ਮਾਂ ਨੂੰ ਮੋਟਰਸਾਈਕਲ ਉਤੇ ਦਾਣਾ ਮੰਡੀ ਵਿਚ ਮਜ਼ਦੂਰੀ ਕਰਨ ਲਈ ਛੱਡ ਕੇ ਆ ਰਿਹਾ ਸੀ। ਆਉਂਦੇ ਸਮੇਂ ਰਸਤੇ ਵਿਚ ਲੱਕੜੀ ਬੰਨ੍ਹਣ ਲਈ ਸੜਕ ਉਤੇ ਫੈਲੀ ਲੋਹੇ ਦੀ ਤਾਰ ਵਿਚ ਫਸ ਕੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਉਸ ਨੂੰ ਜਖਮੀਂ ਹਾਲ ਵਿਚ ਆਸ-ਪਾਸ ਦੇ ਲੋਕਾਂ ਵਲੋਂ ਇਲਾਜ ਲਈ ਹਸਪਤਾਲ ਪਹੁੰਚਦੇ ਕੀਤਾ। ਜਿੱਥੋਂ ਉਸ ਨੂੰ ਗੰਭੀਰ ਹਾਲ ਦੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਗਿਆ। ਜਿਸ ਤੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਬਠਿੰਡਾ ਲੈ ਗਏ। ਜਿੱਥੇ ਅੱਜ ਉਸ ਦੀ ਮੌ-ਤ ਹੋ ਗਈ ਹੈ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਪੁਲਿਸ ਨੇ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰੱਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਉਕਤ ਥਾਂ ਉਤੇ ਕੰਮ ਕਰ ਰਹੇ ਟਰਾਲੀ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।