ਪੰਜਾਬ ਸੂਬੇ ਦੇ ਗੁਰਾਇਆ ਵਿੱਚ ਤੇਜ਼ ਸਪੀਡ ਕਾਰ ਨੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਭਵਿਆ ਕਸ਼ਯਪ ਉਮਰ 23 ਸਾਲ ਵਾਸੀ ਲੁਧਿਆਣਾ ਦੇ ਰੂਪ ਵਜੋਂ ਹੋਈ ਹੈ। ਉਕਤ ਨੌਜਵਾਨ ਫਗਵਾੜਾ ਤੋਂ ਜਲੰਧਰ ਨੈਸ਼ਨਲ ਹਾਈਵੇ ਉਤੇ ਸਥਿਤ ਇਕ ਨਿੱਜੀ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਾਇਆ ਵਿਚ ਨੈਸ਼ਨਲ ਹਾਈਵੇਅ 44 ਉਤੇ ਤੇਜ਼ ਸਪੀਡ ਸਵਿਫਟ ਕਾਰ ਨੇ ਬੁਲੇਟ ਮੋਟਰਸਾਇਕਲ ਉਤੇ ਸਵਾਰ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਿਦਿਆਰਥੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਪਟਿਆਲਾ ਨੰਬਰ ਦੀ ਸਵਿਫਟ ਕਾਰ ਜੋ ਕਿ ਗੁਰਦਾਸਪੁਰ ਤੋਂ ਪਟਿਆਲਾ ਵੱਲ ਜਾ ਰਹੀ ਸੀ ਅਤੇ ਗੁਰਾਇਆ ਦੇ ਪਿੰਡ ਮਾਹਲਾ ਦੇ ਫਾਟਕ ਨੇੜੇ ਨੈਸ਼ਨਲ ਹਾਈਵੇ 44 ਦੇ ਪੁਲ ਤੋਂ ਹੇਠਾਂ ਉਤਰ ਰਹੀ ਸੀ ਉਦੋਂ ਤੇਜ਼ ਸਪੀਡ ਕਾਰ ਬੇਕਾਬੂ ਹੋ ਕੇ ਬੁਲੇਟ ਉਤੇ ਜਾ ਰਹੇ ਵਿਦਿਆਰਥੀ ਨਾਲ ਟਕਰਾ ਗਈ। ਇਹ ਘਟਨਾ ਬੀਤੇ ਐਤਵਾਰ ਸ਼ਾਮ 4.30 ਵਜੇ ਦੇ ਕਰੀਬ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਕਿਸੇ ਕੰਮ ਲਈ ਯੂਨੀਵਰਸਿਟੀ ਗਿਆ ਸੀ ਅਤੇ ਵਾਪਸ ਪਰਤਦੇ ਸਮੇਂ ਉਸ ਨਾਲ ਇਹ ਹਾਦਸਾ ਵਾਪਰ ਗਿਆ।
ਆਪਣੇ ਇਕ-ਲੌਤੇ ਪੁੱਤਰ ਦੀ ਮੌ-ਤ ਕਾਰਨ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ। ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਹੈ। ਮੌਕੇ ਉਤੇ ਮੌਜੂਦ ਲੋਕਾਂ ਅਨੁਸਾਰ ਕਾਰ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਨੈਸ਼ਨਲ ਹਾਈਵੇ ਤੋਂ ਸਰਵਿਸ ਲਾਈਨ ਉਤੇ ਇਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਡਰੇਨ ਵਿਚ ਪਲਟ ਗਈ ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਕਾਰ ਵਿਚ ਸਵਾਰ ਨੌਜਵਾਨ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਦੀ ਪਹਿਚਾਣ ਕੋਮਲ ਪੁੱਤਰ ਅਮਰਜੀਤ ਵਾਸੀ ਪਟਿਆਲਾ ਦੇ ਰੂਪ ਵਜੋਂ ਹੋਈ, ਜਿਸ ਨੂੰ ਮਾਮੂਲੀ ਝਰੀਟ ਵੀ ਨਹੀਂ ਆਈ।
ਕਾਰ ਸਵਾਰ ਨੌਜਵਾਨ ਕੋਮਲ ਸਿੰਘ ਅਨੁਸਾਰ ਉਹ ਕਾਰ ਵਿਚ ਬੈਠਾ ਸੀ, ਡਰਾਈਵਰ ਕਾਰ ਚਲਾ ਰਿਹਾ ਸੀ, ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਾਰ ਬੇਕਾਬੂ ਹੋ ਕੇ ਕਿਵੇਂ ਪਲਟ ਗਈ। ਇਸ ਦੇ ਨਾਲ ਹੀ ਪੁਲਿਸ ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ਕਾਰ ਨੂੰ ਨੌਜਵਾਨ ਕੋਮਲ ਹੀ ਚਲਾ ਰਿਹਾ ਸੀ। ਪੁਲਿਸ ਅਨੁਸਾਰ ਮ੍ਰਿਤਕ ਮੋਟਰਸਾਈਕਲ ਉਤੇ ਇਕੱਲਾ ਸੀ ਅਤੇ ਉਸ ਦੇ ਕੋਲ ਦੋ ਹੈਲਮੇਟ ਰੱਖੇ ਹੋਏ ਸਨ। ਜੇ ਉਹ ਆਪਣੇ ਸਾਥੀ ਨਾਲ ਅੱਗੇ-ਪਿੱਛੇ ਜਾਂਦਾ ਤਾਂ ਉਹ ਉਸ ਨੂੰ ਹੈਲਮੇਟ ਪਹਿਨਾ ਦਿੰਦਾ। ਇਸ ਹਾਦਸੇ ਦੌਰਾਨ ਹੈਲਮੇਟ ਵੀ ਭਵਿਆ ਕਸ਼ਯਪ ਦੀ ਜਾਨ ਨਹੀਂ ਬਚਾ ਸਕਿਆ। ਪੁਲੀਸ ਵੱਲੋਂ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।