ਜਿਲ੍ਹਾ ਲੁਧਿਆਣਾ (ਪੰਜਾਬ) ਦੇ ਥਾਣਾ ਡਵੀਜ਼ਨ ਨੰ. 7 ਦੇ ਏਰੀਏ ਵਿਚ ਉਸ ਸਮੇਂ ਡ-ਰ ਦਾ ਮਾਹੌਲ ਬਣ ਗਿਆ, ਜਦੋਂ ਇਕ ਕਿਰਾਏ ਦੇ ਫਲੈਟ ਵਿਚ ਰਹਿ ਰਹੇ, ਇਕ ਸਬ ਇੰਸਪੈਕਟਰ ਦੀ ਦੇਹ ਉਸ ਦੇ ਫਲੈਟ ਵਿਚੋਂ ਮਿਲੀ। ਇਸ ਮਾਮਲੇ ਬਾਰੇ ਸੂਚਨਾ ਮਿਲਦੇ ਸਾਰ ਹੀ ਏ. ਡੀ. ਸੀ. ਪੀ. 4 ਪ੍ਰਭਜੋਤ ਸਿੰਘ ਵਿਰਕ, ਏ. ਸੀ. ਪੀ. ਪੂਰਬੀ ਰੂਪਦੀਪ ਕੌਰ, ਸੀ. ਆਈ. ਏ. ਪੁਲਿਸ ਦੀ ਟੀਮ ਅਤੇ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਦੀ ਟੀਮ ਮੌਕੇ ਉਤੇ ਪਹੁੰਚੀ। ਮ੍ਰਿਤਕ ਸਬ ਇੰਸਪੈਕਟਰ ਦੀ ਪਹਿਚਾਣ ਅਰਵਿੰਦ ਸਿੰਘ ਦੇ ਰੂਪ ਵਜੋਂ ਹੋਈ ਹੈ। ਜੋ ਕਿ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਸਿੰਘ ਹੁਣ ਅੰਮ੍ਰਿਤਸਰ ਡਿਊਟੀ ਤੋਂ ਬਾਅਦ ਲੁਧਿਆਣਾ ਪੁਲਿਸ ਲਾਈਨਜ਼ ਵਿੱਚ ਤਾਇਨਾਤ ਸਨ। ਇਸ ਤੋਂ ਪਹਿਲਾਂ ਉਹ ਡਵੀਜ਼ਨ ਨੰ. 7, ਸੀ. ਆਈ. 2, ਅਤੇ ਥਾਣਾ ਡਵੀਜ਼ਨ ਨੰ. 2 ਵਿਚ ਸੇਵਾਵਾਂ ਨਿਭਾ ਚੁੱਕੇ ਹਨ। ਬੀਤੇ ਦਿਨ ਦੁਪਹਿਰ ਇਕ ਗੁਆਂਢੀ ਨੇ ਉਸ ਨੂੰ ਆਪਣੇ ਕਿਰਾਏ ਦੇ ਫਲੈਟ ਵਿਚ ਸੁੱਤੇ ਹੋਏ ਦੇਖਿਆ, ਜਦੋਂ ਉਹ ਨਾ ਉਠਿਆ ਤਾਂ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੇ ਪਹਿਲਾਂ ਸਥਾਨਕ ਪੁਲਿਸ ਅਧਿਕਾਰੀ ਅਤੇ ਬਾਅਦ ਵਿਚ ਉੱਚ ਅਧਿਕਾਰੀਆਂ ਵਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਮ੍ਰਿਤਕ ਸਬ ਇੰਸਪੈਕਟਰ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਥਾਣਾ ਸਦਰ ਦੇ ਮੁਖੀ ਭੁਪਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਪਤਨੀ ਦਲਵੀਰ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ, ਪਰ ਜੇਕਰ ਮੈਡੀਕਲ ਰਿਪੋਰਟ ਤੋਂ ਬਾਅਦ ਹੋਰ ਤੱਥ ਸਾਹਮਣੇ ਆਏ ਤਾਂ ਉਨ੍ਹਾਂ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।