ਪੰਜਾਬ ਸੂਬੇ ਵਿਚ ਖੰਨਾ ਦੇ ਸਮਰਾਲਾ ਰੋਡ ਉੱਤੇ ਫਾਰਚੂਨਰ ਅਤੇ ਟਾਟਾ ਪੰਚ 2 ਕਾਰਾਂ ਦੀ ਆਹਮੋ ਸਾਹਮਣੇ ਤੋਂ ਜੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਖੇਤੀਬਾੜੀ ਵਿਭਾਗ ਸਮਰਾਲਾ ਦੇ ਅਧਿਕਾਰੀ ਕੁਲਦੀਪ ਸਿੰਘ ਸੇਖੋਂ ਉਮਰ 53 ਸਾਲ ਦੀ ਮੌ-ਤ ਹੋ ਗਈ। ਕੁਲਦੀਪ ਸਿੰਘ ਸੇਖੋਂ ਟਾਟਾ ਪੰਚ ਕਾਰ ਨੂੰ ਚਲਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਫਾਰਚੂਨਰ ਦਾ ਡਰਾਈਵਰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮਰਾਲਾ ਵਿੱਚ ਤਾਇਨਾਤ ਖੇਤੀਬਾੜੀ ਅਫ਼ਸਰ ਕੁਲਦੀਪ ਸਿੰਘ ਸੇਖੋਂ ਆਪਣੇ ਪਿੰਡ ਤੋਂ ਡਿਊਟੀ ਲਈ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਇੱਕ ਫਾਰਚੂਨਰ ਕਾਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੁਲਦੀਪ ਸਿੰਘ ਸੇਖੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।
ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਚੌਕੀ ਬਰਥਾਲਾ ਦੇ ਏ. ਐਸ. ਆਈ. ਪਰਮਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ਉਤੇ ਪਹੁੰਚ ਗਏ। ਪੁਲਿਸ ਨੇ ਦੋਵੇਂ ਹਾਦਸਾ-ਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਤੋਂ ਬਾਅਦ ਕੁਲਦੀਪ ਸਿੰਘ ਸੇਖੋਂ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ।