ਪੰਜਾਬ ਵਿਚ ਬੰਗਾ ਤੋਂ ਫਗਵਾੜਾ ਮੁੱਖ ਮਾਰਗ ਉੱਤੇ ਸਥਿਤ ਪਿੰਡ ਮਜਾਰੀ ਵਿਚ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰ-ਦਸਤ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌ-ਤ ਹੋ ਗਈ ਹੈ। ਜਦੋਂ ਕਿ 3 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਉੱਤੇ 5 ਨੌਜਵਾਨ ਸਵਾਰ ਸਨ। ਜਿਨ੍ਹਾਂ ਵਿਚ ਸਾਹਿਲ ਪੁੱਤਰ ਮੰਗੂ ਰਾਮ, ਸੁਖਬੀਰ ਸਰੋਏ ਪੁੱਤਰ ਗੁਰਸੇਵਕ ਸਰੋਏ, ਕਮਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਕਰਨਵਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਰਾਹੁਲ ਪੁੱਤਰ ਤਰਸੇਮ ਸਾਰੇ ਵਾਸੀ ਬਾਹੜੋਵਾਲ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਨਜ਼ਦੀਕੀ ਪਿੰਡ ਮਜਾਰਾ ਵਿਖੇ ਬਣੇ ਧਾਰਮਿਕ ਸਥਾਨ ਤੋਂ ਵਾਪਸ ਆਪਣੇ ਪਿੰਡ ਬਾਹੜੋਵਾਲ ਨੂੰ ਆ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਮੋਟਰਸਾਈਕਲ ਚਾਲਕ ਬੰਗਾ ਤੋਂ ਫਗਵਾੜਾ ਮੁੱਖ ਮਾਰਗ ਉੱਤੇ ਸਥਿਤ ਪਿੰਡ ਮਜਾਰੀ ਵਿਚ ਬਣੀ ਸੜਕ ਨੂੰ ਪਾਰ ਕਰਕੇ ਆਪਣੇ ਪਿੰਡ ਬਾਹੜੋਵਾਲ ਵੱਲ ਨੂੰ ਮੁੜਨ ਲੱਗਾ ਤਾਂ ਜਲੰਧਰ ਵਲੋਂ ਆ ਰਹੀ ਇਕ ਕਰੇਟਾ ਕਾਰ, ਜਿਸ ਨੂੰ ਅਰਪਨ ਬਵੇਜਾ ਵਾਸੀ ਬੰਗਾ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ 5 ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰ ਅਤੇ ਸਥਾਨਕ ਲੋਕਾਂ ਨੇ ਤੁਰੰਤ ਨੇੜੇ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਪਹੁੰਚਾਇਆ।
ਹਸਪਤਾਲ ਵਿੱਚ ਡਾਕਟਰਾਂ ਨੇ ਸੁਖਬੀਰ ਸਰੋਏ ਉਮਰ 16 ਸਾਲ ਪੁੱਤਰ ਗੁਰਸੇਵਕ ਸਰੋਏ, ਸਾਹਿਲ ਉਮਰ 20 ਸਾਲ ਪੁੱਤਰ ਮੰਗੂ ਰਾਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਕਿ ਬਾਕੀ 3 ਨੌਜਵਾਨ ਦਾ ਇਲਾਜ ਚੱਲ ਰਿਹਾ ਸੀ। ਇਸ ਹਾਦਸੇ ਦੀ ਸੂਚਨਾ ਮਿਲਣ ਉੱਤੇ ਐਸ. ਐਸ. ਐਫ. ਦੇ ਅਧਿਕਾਰੀ ਧਰਮਪਾਲ ਅਤੇ ਯੋਗੇਸ਼ ਕੁਮਾਰ ਅਤੇ ਥਾਣਾ ਸਦਰ ਦੇ ਪੁਲਿਸ ਕਰਮਚਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਹਾਦਸੇ ਵਿਚ ਨੁਕਸਾਨੇ ਵਾਹਨਾਂ ਅਤੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦੌਰਾਨ ਜਿੱਥੇ ਮੋਟਰਸਾਈਕਲ ਨੁਕਸਾਨਿਆ ਗਿਆ, ਉੱਥੇ ਹੀ ਕਾਰ ਸੜਕ ਕਿਨਾਰੇ ਟੋਏ ਵਿੱਚ ਡਿੱ-ਗ ਕੇ ਪਲਟ ਗਈ।