ਜੀਂਦ (ਹਰਿਆਣਾ) ਜੰਮੂ ਵਿਚ ਚੌਣ ਡਿਊਟੀ ਉੱਤੇ ਤੈਨਾਤ ਕਸਬਾ, ਕਬਰਛਾ ਦੇ ਸੀ.ਆਰ.ਪੀ.ਐਫ. ਜਵਾਨ ਪ੍ਰਵੀਨ ਕੁਮਾਰ ਦਾ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸਫਾ ਖੇੜੀ ਪਿੰਡ ਤੋਂ ਨੌਜਵਾਨ ਮੋਟਰਸਾਈਕਲਾਂ ਦੇ ਕਾਫਲੇ ਦੇ ਨਾਲ ਪ੍ਰਵੀਨ ਕੁਮਾਰ ਦੀ ਮ੍ਰਿਤਕ ਦੇਹ ਨੂੰ ਕਬਰਛਾ ਪਿੰਡ ਤੱਕ ਲੈ ਕੇ ਆਏ। ਮੋਟਰਸਾਈਕਲਾਂ ਉੱਤੇ ਤਿਰੰਗੇ ਝੰਡੇ ਲਾ ਕੇ ਆਏ ਨੌਜਵਾਨ ਅਤੇ ਪਿੰਡ ਵਾਸੀ ਪ੍ਰਵੀਨ ਅਮਰ ਰਹੇ ਦੇ ਨਾਅਰੇ ਲਾਉਂਦੇ ਹੋਏ ਸਫ਼ਾਈ ਖੇੜੀ, ਤਰਖਾ ਤੋਂ ਹੁੰਦੇ ਹੋਏ ਲੰਘੇ। ਪ੍ਰਵੀਨ ਦੇ ਅੰਤਿਮ ਸਸਕਾਰ ਉੱਤੇ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ, ਬ੍ਰਿਜੇਂਦਰ ਸਿੰਘ, ਵਿਕਾਸ ਕਾਲਾ, ਵਰਿੰਦਰ ਘੋੜੀਆ, ਪਵਨ ਫ਼ੌਜੀ, ਦਿਲਬਾਗ ਸੰਦੀਲ ਸਮੇਤ ਪਤਵੰਤਿਆਂ ਅਤੇ ਪਿੰਡ ਵਾਸੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਸੀ. ਆਰ. ਪੀ. ਐਫ. ਦੇ ਡੀ. ਐਸ. ਪੀ. ਵੀ ਇਸ ਦੌਰਾਨ ਮੌਜੂਦ ਰਹੇ। ਪ੍ਰਵੀਨ ਦੀ ਅੰਤਿਮ ਯਾਤਰਾ ਵਿੱਚ ਐਕਸ ਸਰਵਿਸਮੈਨ ਐਸੋਸੀਏਸ਼ਨ ਨੇ ਵੀ ਸ਼ਿਰਕਤ ਕੀਤੀ। ਸੀ. ਆਰ. ਪੀ. ਐਫ. ਹਰਿਆਣਾ ਦੇ ਪੁਲਿਸ ਜਵਾਨਾਂ ਨੇ ਪ੍ਰਵੀਨ ਕੁਮਾਰ ਨੂੰ ਅੰਤਿਮ ਸਲਾਮੀ ਦਿੱਤੀ।
ਸ਼ੁੱਕਰਵਾਰ ਨੂੰ ਜਾਣਾ ਸੀ ਕਠੂਆ
ਪ੍ਰਾਪਤ ਜਾਣਕਾਰੀ ਮੁਤਾਬਕ ਜਿਸ ਇਮਾਰਤ ਵਿੱਚ ਪ੍ਰਵੀਨ ਆਪਣੀ ਟੀਮ ਦੇ ਨਾਲ ਠਹਿਰਿਆ ਹੋਇਆ ਸੀ, ਉਥੇ ਸ਼ੁੱਕਰਵਾਰ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਉਨ੍ਹਾਂ ਨੇ ਕਠੂਆ ਦੇ ਲਈ ਜਾਣਾ ਸੀ। ਟੀਮ ਨੇ ਲੰਚ ਵੀ ਪੈਕ ਕਰ ਲਿਆ ਸੀ, ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ। ਇਮਾਰਤ ਵਿਚ ਚੱਲ ਰਹੇ ਕੰਮ ਵਿਚ ਜੋ ਲਿਫਟ ਸੀ, ਉਥੋਂ ਲੰਘਦੇ ਸਮੇਂ ਪ੍ਰਵੀਨ ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਵੀ ਉਹ ਛੁੱਟੀ ਉੱਤੇ ਆਉਂਦਾ ਸੀ ਤਾਂ ਪਿੰਡ ਵਿਚ ਹੀ ਰਹਿੰਦਾ ਸੀ।
ਮਾਰਚ 2021 ਵਿਚ ਹੋਇਆ ਸੀ CRPF ਵਿੱਚ ਭਰਤੀ
ਦੱਸਿਆ ਜਾ ਰਿਹਾ ਹੈ ਕਿ ਪ੍ਰਵੀਨ ਉਮਰ 26 ਸਾਲ 13 ਮਾਰਚ 2021 ਵਿਚ CRPF ਵਿਚ ਭਰਤੀ ਹੋਇਆ ਸੀ। ਮਾਰਚ 2023 ਵਿੱਚ, ਪ੍ਰਵੀਨ ਦਾ ਵਿਆਹ ਪੰਘਾਲ (ਹਿਸਾਰ) ਪਿੰਡ ਦੀ ਨੀਲਮ ਨਾਲ ਹੋਇਆ ਸੀ। ਪ੍ਰਵੀਨ ਦਾ 9 ਮਹੀਨੇ ਦਾ ਇਕ ਪੁੱਤਰ ਹੈ। ਪ੍ਰਵੀਨ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਪ੍ਰਵੀਨ ਦੀ ਇੱਕ ਭੈਣ ਹੈ ਜੋ ਉਸ ਤੋਂ ਵੱਡੀ ਹੈ ਅਤੇ ਵਿਆਹੀ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੁੱਕਰਵਾਰ ਨੂੰ ਡਿਊਟੀ ਦੌਰਾਨ ਉਸ ਦੀ ਮੌ-ਤ ਦੀ ਖ਼ਬਰ ਮਿਲੀ ਸੀ। ਪੜ੍ਹਾਈ ਕਰਦੇ ਸਮੇਂ ਹੀ ਉਹ ਸੀ. ਆਰ. ਪੀ. ਐਫ. ਵਿਚ ਭਰਤੀ ਹੋ ਗਿਆ ਸੀ। ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ। ਉਹ 25 ਜੁਲਾਈ ਨੂੰ ਛੁੱਟੀ ਪੂਰੀ ਕਰਕੇ ਡਿਊਟੀ ਲਈ ਗਿਆ ਸੀ। ਉਸ ਨੇ ਦੀਵਾਲੀ ਦੇ ਆਸ-ਪਾਸ ਘਰ ਪਰਤਣਾ ਸੀ। ਪ੍ਰਵੀਨ ਦੀ ਵੀਰਵਾਰ ਸ਼ਾਮ ਨੂੰ ਆਪਣੇ ਪਿਤਾ ਰਾਜਬੀਰ ਨਾਲ ਵੀ ਗੱਲਬਾਤ ਹੋਈ ਸੀ। ਪ੍ਰਵੀਨ ਕੁਮਾਰ ਦੀ ਮ੍ਰਿਤਕ ਦੇਹ ਦੇ ਨਾਲ ਆਏ ਜਵਾਨਾਂ ਨੇ ਦੱਸਿਆ ਕਿ ਉਹ ਡਿਊਟੀ ਪ੍ਰਤੀ ਸਮੇਂ ਦਾ ਬਹੁਤ ਪਾਬੰਦ ਸੀ ਅਤੇ ਉਹ ਮਿਲਣਸਾਰ ਵੀ ਸੀ।