ਪੰਜਾਬ ਵਿਚ ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਨੱਕੀਆਂ ਦੀ ਮਾਰਕੀਟ ਵਿੱਚ ਸਥਿਤ ਇੱਕ ਰੈਡੀਮੇਡ ਦੀ ਦੁਕਾਨ ਦੀ ਕੰਧ ਵਿੱਚ ਪਾੜ ਲਾ ਕੇ ਚੋਰਾਂ ਨੇ ਲੱਖਾਂ ਰੁਪਏ ਦੇ ਕੱਪੜੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਜਾਂਚ ਪੜਤਾਲ ਅਧਿਕਾਰੀ ਏਐਸਆਈ ਬਲਬੀਰ ਨੇ ਦੱਸਿਆ ਹੈ ਕਿ ਮਨਦੀਪ ਸਿੰਘ ਵਾਸੀ ਪਿੰਡ ਕਾਹੀਵਾਲ ਜਿਹੜਾ ਕਿ ਪਿੰਡ ਨੱਕੀਆਂ ਦੀ ਮਾਰਕੀਟ ਦੇ ਵਿੱਚ ਗੁਰੂ ਕ੍ਰਿਪਾ ਕਲੋਥਿੰਗ ਨਾਮ ਦੀ ਦੁਕਾਨ ਕਰਦਾ ਹੈ।
ਉਸ ਨੇ ਪੁਲਿਸ ਨੂੰ ਆਪਣੇ ਬਿਆਨ ਦਿੰਦਿਆਂ ਦੱਸਿਆ ਹੈ ਕਿ ਸੋਮਵਾਰ ਦੀ ਰਾਤ ਨੂੰ ਕਰੀਬ 8: 30 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਿਆ ਗਿਆ ਸੀ। ਮੰਗਲਵਾਰ ਸਵੇਰੇ ਕਰੀਬ 9 ਵਜੇ ਜਦੋਂ ਉਹ ਆਪਣੀ ਦੁਕਾਨ ਤੇ ਆਇਆ ਤਾਂ ਉਸ ਨੇ ਵੇਖਿਆ ਕਿ ਦੁਕਾਨ ਦਾ ਕਾਫ਼ੀ ਸਾਮਾਨ ਖਿਲਰਿਆ ਹੋਇਆ ਸੀ।
ਉਸ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੀ ਪਿੱਛਲੀ ਕੰਧ ਵਿੱਚ ਪਾੜ ਲਾ ਕੇ ਗ਼ੱਲੇ ਅਤੇ ਗੋਲਕ ਵਿੱਚ ਪਏ ਪੈਸਿਆਂ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ, ਐਲਈਡੀ ਟੀਵੀ, ਵਾਈਫਾਈ ਰਾਊਟਰ ਦੇ ਨਾਲ ਦੁਕਾਨ ਵਿੱਚ ਪਏ ਕੱਪੜੇ ਚੋਰੀ ਕਰ ਲਏ ਸਨ। ਚੋਰੀ ਦੀ ਇਸ ਘਟਨਾ ਦੇ ਵਿੱਚ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਡਿਟੇਲ ਬਣਾ ਕੇ ਪੁਲਿਸ ਨੂੰ ਦਿੱਤੀ ਜਾਵੇਗੀ। ਏਐਸਆਈ ਬਲਬੀਰ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ ਵਿੱਚ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮੇ ਨੂੰ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਅੱਧੀ ਰਾਤ 1: 30 ਵਜੇ ਫੋਨ ਤੇ ਸੀਸੀਟੀਵੀ ਚੈਕ ਕੀਤਾ ਸੀ
ਇਸ ਸਬੰਧੀ ਪੀੜਤ ਦੁਕਾਨਦਾਰ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਰਾਤ ਤਕਰੀਬਨ 1: 30 ਵਜੇ ਫੋਨ ਉੱਤੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈਕ ਕਰਕੇ ਸੁੱਤਾ ਸੀ। ਇਸ ਤੋਂ ਬਾਅਦ ਹੀ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਨੂੰ ਇਹ ਦੁਕਾਨ ਕੀਤੇ ਹੋਏ ਅਜੇ 1 ਸਾਲ ਵੀ ਪੂਰਾ ਨਹੀਂ ਹੋਇਆ ਹੈ ਅਤੇ 7 ਮਹੀਨਿਆਂ ਵਿੱਚ ਉਸ ਦੀ ਦੁਕਾਨ ਵਿੱਚ ਦੂਜੀ ਵਾਰ ਚੋਰੀ ਹੋ ਗਈ ਹੈ। ਪਿੱਛਲੀ ਵਾਰ 24 ਅਕਤੂਬਰ 2021 ਨੂੰ ਚੋਰਾਂ ਨੇ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਸ ਦਾ ਕਰੀਬ 12 ਲੱਖ ਦਾ ਨੁਕਸਾਨ ਹੋਇਆ ਸੀ।