ਪੰਜਾਬ ਵਿਚ ਜਿਲ੍ਹਾ ਫਿਰੋਜ਼ਪੁਰ ਦੇ ਮੱਖੂ ਬਲਾਕ ਪਿੰਡ ਘੁੱਦੂ ਵਾਲਾ ਵਿੱਚ ਘਰੇਲੂ ਝਗੜੇ ਦੇ ਕਾਰਨ ਇੱਕ ਘਰ ਦਾ ਇੱਕੋ ਇੱਕ ਚਿਰਾਗ ਸੀ ਜੋ ਬੁਝ ਗਿਆ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ 70 ਸਾਲਾ ਕੇਹਰ ਸਿੰਘ ਦਾ ਇਕ ਪੁੱਤਰ ਪਰਮਜੀਤ ਸਿੰਘ ਉਮਰ 42 ਸਾਲ ਅਤੇ 3 ਧੀਆਂ ਹਨ ਅਤੇ ਸਾਰੇ ਹੀ ਵਿਆਹੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਕੇਹਰ ਸਿੰਘ ਕੋਲ 3 ਏਕੜ ਜ਼ਮੀਨ ਸੀ ਅਤੇ ਪਰਮਜੀਤ ਸਿੰਘ ਨੂੰ ਇਹ ਡਰ ਸੀ ਕਿ ਉਸ ਦਾ ਪਿਤਾ ਜ਼ਮੀਨ ਲੜਕੀਆਂ ਨੂੰ ਦੇ ਦੇਵੇਗਾ। ਇਸ ਦੇ ਕਾਰਨ ਪਰਮਜੀਤ ਸਿੰਘ ਤਿੰਨ ਏਕੜ ਜਮੀਨ ਵਿਚੋਂ ਡੇਢ ਏਕੜ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ।
ਇਸ ਮਾਮਲੇ ਸਬੰਧੀ ਪਰਮਜੀਤ ਸਿੰਘ ਦਾ ਆਪਣੇ ਪਿਤਾ ਕੇਹਰ ਸਿੰਘ ਦੇ ਨਾਲ ਕਾਫੀ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ। ਬੀਤੇ ਦਿਨ ਸਵੇਰੇ ਇਸ ਗੱਲ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ। ਪਰ ਕੁਝ ਹੀ ਸਮੇਂ ਤੋਂ ਬਾਅਦ ਇਸ ਕਲੇਸ਼ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਘਟਨਾ ਦੇ ਵਿੱਚ ਘਰ ਦੇ ਇਕਲੌਤੇ ਪੁੱਤਰ ਦੀ ਜਾਨ ਚਲੀ ਗਈ। ਇਸ ਸਬੰਧੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਗਾਰਡ ਦਾ ਕੰਮ ਕਰਦਾ ਹੈ।
ਆਪਸੀ ਲੜਾਈ ਦੌਰਾਨ ਗੁੱਸੇ ਵਿੱਚ ਆ ਕੇ ਪਰਮਜੀਤ ਸਿੰਘ ਨੇ ਜਦੋਂ ਆਪਣੇ ਪਿਤਾ ਕੇਹਰ ਸਿੰਘ ਤੇ ਆਪਣੀ ਲਾਇਸੰਸੀ 12 ਬੋਰ ਦੀ ਰਫਲ ਨਾਲ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤਾਂ ਪਰਮਜੀਤ ਸਿੰਘ ਦਾ ਆਪਣਾ 14 ਸਾਲਾ ਪੁੱਤਰ ਮਹਿਕਪ੍ਰੀਤ ਸਿੰਘ ਆਪਣੇ ਦਾਦੇ ਨੂੰ ਬਚਾਉਣ ਦੇ ਲਈ ਅੱਗੇ ਆਇਆ ਤਾਂ ਗੋਲੀ ਉਸ ਦੀ ਛਾਤੀ ਵਿੱਚ ਲੱਗ ਗਈ। ਗੋਲੀ ਲੱਗਦੇ ਸਾਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਮੱਖੂ ਦੇ ਇੰਨਚਾਰਜ ਜਤਿੰਦਰ ਸਿੰਘ ਅਤੇ ਡੀ.ਐਸ.ਪੀ. ਜੀਰਾ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਤਲ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।