ਪੂਨੇ ਦੇ ਇਸ ਘਰ ਵਿਚ ਰੋਜ਼ਾਨਾ 50 ਤੋਤੇ ਤੇ ਹੋਰ ਕਈ ਪੰਛੀ ਆਉਂਦੇ ਹਨ, ਆਓ ਜਾਣੀਏ ਇਸ ਘਰ ਵਿਚ ਕੀ ਹੈ ਖਾਸ

Punjab

ਔਰੰਗਾਬਾਦ ਵਿੱਚ ਪਲੀ ਤੇ ਵੱਡੀ ਹੋਈ ਰਾਧਿਕਾ ਸੋਨਾਵਣੇ ਬਚਪਨ ਤੋਂ ਹੀ ਪੰਛੀ ਪ੍ਰੇਮੀ ਰਹੀ ਹੈ। ਆਪਣੇ ਬਚਪਨ ਵਿੱਚ ਉਹ ਆਪਣੇ ਸ਼ਹਿਰ ਦੇ ਨੇੜੇ ਸਲੀਮ ਅਲੀ ਬਰਡ ਸੈਂਕਚੂਰੀ ਵਿੱਚ ਜਾਂਦੀ ਰਹਿੰਦੀ ਸੀ। ਉਹ ਪਿੰਜਰਿਆਂ ਦੇ ਨਾਲੋਂ ਖੁੱਲ੍ਹੇ ਅਸਮਾਨ ਵਿੱਚ ਉੱਡਦੇ ਪੰਛੀਆਂ ਨੂੰ ਹਮੇਸ਼ਾ ਪਸੰਦ ਕਰਦੀ ਸੀ। ਪਰ ਉਸ ਸਮੇਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਉਸਦਾ ਘਰ ਵੀ ਕਈ ਪੰਛੀਆਂ ਦਾ ਘਰ ਬਣ ਜਾਵੇਗਾ। ਇੰਨਾ ਹੀ ਨਹੀਂ ਅੱਜ ਉਹ ਇਨ੍ਹਾਂ ਪੰਛੀਆਂ ਦੀ ਇੰਨੀ ਚੰਗੀ ਦੋਸਤ ਬਣ ਚੁੱਕੀ ਹੈ ਕਿ ਕਈ ਪੰਛੀ ਸਵੇਰੇ-ਸ਼ਾਮ ਉਨ੍ਹਾਂ ਦੇ ਘਰ ਆਉਂਦੇ ਹਨ ਅਤੇ ਉਨ੍ਹਾਂ ਦੇ ਹੱਥਾਂ ਤੇ ਦਾਣੇ ਵੀ ਖਾਂਦੇ ਹਨ।

ਪੁਨੇ ਦੇ ਕਰਵੇ ਨਗਰ ਵਿੱਚ ਪਿਛਲੇ ਸੱਤ ਸਾਲਾਂ ਤੋਂ ਰਹਿ ਰਹੀ ਰਾਧਿਕਾ ਨੇ ਸਿਰਫ਼ ਇੱਕ ਬਰਡ ਫੀਡਰ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਅੱਜ ਉਸ ਦੇ ਘਰ ਵਿੱਚ ਵੱਖੋ ਵੱਖ ਤਰ੍ਹਾਂ ਦੇ ਫੀਡਰ ਹਨ ਅਤੇ ਉਹ ਆਪਣੇ ਦਫ਼ਤਰ ਅਤੇ ਘਰ ਦੇ ਨਾਲ ਨਾਲ ਇਨ੍ਹਾਂ ਪੰਛੀਆਂ ਦੀ ਦੇਖਭਾਲ ਵੀ ਕਰਦੀ ਹੈ।

ਲਾਕਡਾਊਨ ਦੇ ਵਿੱਚ ਪੰਛੀਆਂ ਨੂੰ ਨੇੜਿਓਂ ਜਾਨਣਾ ਕੀਤਾ ਸ਼ੁਰੂ

ਜਦੋਂ ਚਾਰ ਸਾਲ ਪਹਿਲਾਂ ਰਾਧਿਕਾ ਇਸ ਅਪਾਰਟਮੈਂਟ ਵਿੱਚ ਰਹਿਣ ਦੇ ਲਈ ਆਈ ਸੀ, ਤਾਂ ਉਸ ਦੀ ਮੁਲਾਕਾਤ ਇੱਥੇ ਰਹਿੰਦੀ ਸਮਿਤਾ ਆਂਟੀ ਦੇ ਨਾਲ ਹੋਈ। ਜਿਸ ਦੇ ਘਰ ਬਹੁਤ ਸਾਰੇ ਪੰਛੀਆਂ ਦੇ ਫੀਡਰ ਸਨ ਅਤੇ ਕਈ ਪੰਛੀ ਉਸ ਦੇ ਬਗੀਚੇ ਵਿੱਚ ਆਉਂਦੇ ਸਨ। ਪੰਛੀ ਪ੍ਰੇਮੀ ਹੋਣ ਦੇ ਕਾਰਨ ਰਾਧਿਕਾ ਨੂੰ ਇਹ ਦੇਖਣਾ ਬਹੁਤ ਪਸੰਦ ਆਇਆ। ਰਾਧਿਕਾ ਦੱਸਦੀ ਹੈ ਮੈਂ ਉਸ ਤੋਂ ਪ੍ਰੇਰਣਾ ਲਈ ਅਤੇ ਘਰ ਵਿੱਚ ਕੁਝ ਫੀਡਰ ਲਗਾਉਣੇ ਸ਼ੁਰੂ ਕੀਤੇ। ਪਰ ਲਾਕਡਾਊਨ ਦੌਰਾਨ ਮੈਨੂੰ ਇਨ੍ਹਾਂ ਪੰਛੀਆਂ ਨੂੰ ਨੇੜਿਓਂ ਸਮਝਣ ਦੇ ਲਈ ਥੋੜ੍ਹਾ ਹੋਰ ਵੱਧ ਸਮਾਂ ਮਿਲਿਆ। ਰਾਧਿਕਾ ਨੇ ਹਰ ਪੰਛੀ ਦੀ ਪਸੰਦ ਅਨੁਸਾਰ ਦਾਣਿਆਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ। ਜਿਸ ਇਲਾਕੇ ਵਿੱਚ ਉਹ ਰਹਿੰਦੀ ਹੈ ਉੱਥੇ ਬਹੁਤ ਸਾਰੇ ਤੋਤੇ ਹਨ। ਇਸ ਲਈ ਤੋਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੇ ਜ਼ਿਆਦਾ ਮੂੰਗਫਲੀ ਰੱਖਣੀ ਸ਼ੁਰੂ ਕੀਤੀ।

ਉਸ ਨੇ ਆਪਣੇ ਤਜਰਬੇ ਨਾਲ ਦੇਖਿਆ ਕਿ ਮੀਂਹ ਤੋਂ ਬਾਅਦ ਹੋਰ ਤੋਤੇ ਆਉਂਦੇ ਹਨ। ਇਸ ਦੌਰਾਨ 60 ਤੋਂ 70 ਦੇ ਕਰੀਬ ਤੋਤੇ ਹਰ ਰੋਜ਼ ਉਨ੍ਹਾਂ ਦੇ ਘਰ ਆਉਂਦੇ ਹਨ ਅਤੇ ਉਹ ਦਿਨ ਵਿੱਚ ਸਿਰਫ਼ ਇੱਕ ਕਿਲੋ ਮੂੰਗਫਲੀ ਹੀ ਖਾਂਦੇ ਹਨ। ਇਸ ਦੇ ਨਾਲ ਹੀ ਗਰਮੀਆਂ ਵਿੱਚ ਇਨ੍ਹਾਂ ਦੀ ਗਿਣਤੀ ਥੋੜ੍ਹੀ ਘੱਟ ਜਾਂਦੀ ਹੈ। ਹੋਰ ਛੇ ਤੋਂ ਸੱਤ ਕਿਸਮਾਂ ਦੇ ਪੰਛੀ ਆਉਂਦੇ ਹਨ। ਉਸ ਨੇ ਆਪਣੇ ਘਰ ਦੇ ਹਾਲ ਦੀ ਬਾਲਕੋਨੀ ਅਤੇ ਰਸੋਈ ਦੀ ਬਾਲਕੋਨੀ ਦੋਵਾਂ ਦੇ ਵਿੱਚ ਫੀਡਰ ਲਗਾਏ ਹਨ। ਜਿੱਥੇ ਪੰਛੀਆਂ ਦਾ ਭੋਜਨ ਅਤੇ ਪਾਣੀ ਕਦੇ ਵੀ ਖਤਮ ਨਹੀਂ ਹੁੰਦਾ।

ਪੰਛੀਆਂ ਦੀ ਪਸੰਦ ਦਾ ਰੱਖਦੀ ਹੈ ਖਾਸ ਧਿਆਨ

ਹੌਲੀ-ਹੌਲੀ ਜਦੋਂ ਪੰਛੀਆਂ ਦੀ ਗਿਣਤੀ ਵਧਣ ਲੱਗੀ ਤਾਂ ਰਾਧਿਕਾ ਨੇ ਦੇਖਿਆ ਕਿ ਹਰ ਪੰਛੀ ਦੀ ਆਪਣੀ ਵੱਖਰੀ ਹੀ ਪਸੰਦ ਹੁੰਦੀ ਹੈ। ਉਦਾਹਰਣ ਵਜੋਂ ਜੇ ਤੋਤਾ ਮੂੰਗਫਲੀ ਅਤੇ ਮੱਕੀ ਦੇ ਦਾਣੇ ਖਾਂਦਾ ਹੈ, ਤਾਂ ਬੁਲਬੁਲ ਕੇਲੇ ਨੂੰ ਪਸੰਦ ਕਰਦੀ ਹੈ। ਉਹ ਕਹਿੰਦੀ ਹੈ ਕਿ ਬਹੁਤ ਸਾਰੇ ਪੰਛੀ ਸਿਰਫ਼ ਪਾਣੀ ਪੀਣ ਦੇ ਲਈ ਆਉਂਦੇ ਹਨ ਅਤੇ ਕਈ ਪੰਛੀ ਸਾਡੇ ਘਰ ਦੀ ਰਸੋਈ ਵਿੱਚ ਵੀ ਕੁਝ ਖਾਣ ਲਈ ਆਉਂਦੇ ਹਨ। ਇਕ ਵਾਰ ਮੈਂ ਦੇਖਿਆ ਕਿ ਬੁਲਬੁਲ ਕੇਲਾ ਖਾ ਰਹੀ ਸੀ। ਜਿਸ ਤੋਂ ਬਾਅਦ ਅਸੀਂ ਉਸ ਨੂੰ ਕੇਲਾ ਕੱਟ ਕੇ ਰੱਖਣਾ ਸ਼ੁਰੂ ਕਰ ਦਿੱਤਾ।

ਇਸ ਦੇ ਨਾਲ ਹੀ ਉਹ ਪੰਛੀਆਂ ਲਈ ਚੌਲ ਅਤੇ ਕਾਂਵਾਂ ਲਈ ਰੋਟੀਆਂ ਅਤੇ ਘਰ ਦਾ ਖਾਣਾ ਵੀ ਰੱਖਦੀ ਹੈ। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪੌਦਿਆਂ ਨੂੰ ਦੇਖ ਕੇ ਪੰਛੀ ਜਿਆਦਾ ਆਉਂਦੇ ਹਨ। ਪਰ ਰਾਧਿਕਾ ਦੇ ਘਰ ਪਹਿਲਾਂ ਬਹੁਤ ਸਾਰੇ ਪੌਦੇ ਨਹੀਂ ਸਨ, ਹਾਲਾਂਕਿ ਜਿਵੇਂ ਹੀ ਪੰਛੀ ਵਧਣ ਲੱਗੇ ਤਾਂ ਉਸ ਨੇ ਵੀ ਪੰਛੀਆਂ ਨੂੰ ਕੁਦਰਤੀ ਵਾਤਾਵਰਨ ਦੇਣ ਲਈ ਪੌਦੇ ਉਗਾਉਣੇ ਸ਼ੁਰੂ ਕਰ ਦਿੱਤੇ ਹਨ। ਯਾਨੀ ਕਿ ਇਨ੍ਹਾਂ ਪੰਛੀਆਂ ਦੀ ਬਦੌਲਤ ਉਨ੍ਹਾਂ ਦੇ ਘਰ ‘ਚ ਹਰਿਆਲੀ ਵੀ ਵੱਧ ਗਈ ਹੈ। ਉਨ੍ਹਾਂ ਨੇ ਪੰਛੀਆਂ ਦੇ ਬੈਠਣ ਲਈ ਬਗੀਚੇ ਵਿਚ ਸੁੱਕੇ ਦਰੱਖਤ ਨੂੰ ਵੀ ਸਜਾਇਆ ਹੈ। ਉਹ ਪੰਛੀਆਂ ਨੂੰ ਪੂਰੀ ਤਰ੍ਹਾਂ ਕੁਦਰਤੀ ਵਾਤਾਵਰਣ ਦੇਣ ਦੀ ਹਰ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰਦੀ ਹੈ।

ਰਾਧਿਕਾ ਦੇ ਨਾਲ ਉਸ ਦਾ ਪਤੀ ਵੀ ਇਨ੍ਹਾਂ ਪੰਛੀਆਂ ਦੀ ਪੂਰੀ ਦੇਖਭਾਲ ਕਰਦਾ ਹੈ। ਹੁਣ ਰਾਧਿਕਾ ਨੂੰ ਦਫਤਰ ਜਾਣਾ ਪੈਂਦਾ ਹੈ ਇਸ ਲਈ ਉਸ ਦਾ ਪਤੀ ਪੰਛੀਆਂ ਦੇ ਫੀਡਰ ਨੂੰ ਭਰਨ ਵਿੱਚ ਮਦਦ ਕਰਦਾ ਹੈ ਕਿਉਂਕਿ ਉਹ ਇਸ ਸਮੇਂ ਘਰ ਤੋਂ ਕੰਮ ਕਰ ਰਿਹਾ ਹੈ। ਹਾਲਾਂਕਿ ਰਾਧਿਕਾ ਦਾ ਘਰ ਕਿਰਾਏ ਤੇ ਹੈ ਅਤੇ ਇੱਕ ਦਿਨ ਉਸ ਨੂੰ ਘਰ ਛੱਡਣਾ ਪੈ ਸਕਦਾ ਹੈ। ਪਰ ਰਾਧਿਕਾ ਜਿੱਥੇ ਵੀ ਜਾਵੇਗੀ ਉੱਥੇ ਹੀ ਆਪਣੇ ਲਈ ਅਜਿਹੀ ਖੂਬਸੂਰਤ ਦੁਨੀਆਂ ਬਣਾਉਣ ਦੀ ਕੋਸ਼ਿਸ਼ ਕਰੇਗੀ। ਜਿੱਥੇ ਪੰਛੀਆਂ ਦੀ ਚਹਿਲ ਪਹਿਲ ਅਤੇ ਕੁਦਰਤ ਦੀ ਸ਼ਾਂਤੀ ਵੀ ਹੋਵੇ। (ਖਬਰ ਸਰੋਤ ਦ ਬੇਟਰ ਇੰਡਿਆ)

Leave a Reply

Your email address will not be published. Required fields are marked *