ਇਹ ਖ਼ਬਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਏਜੰਟਾਂ ਦੀ ਧੋਖਾਧੜੀ ਦੇ ਕਾਰਨ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੋਲੋਵਾਲ ਦੇ ਰਹਿਣ ਵਾਲੇ ਹਰਜਿੰਦਰ ਕੁਮਾਰ ਦੀ ਹਾਂਗਕਾਂਗ ਵਿਚ ਬੀਮਾਰੀ ਦੇ ਕਾਰਨ ਮੌਤ ਹੋ ਗਈ। ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਕੁਮਾਰ ਦੀ ਮਾਤਾ ਹਰਮੀਤ ਕੌਰ ਨੇ ਦੱਸਿਆ ਹੈ ਕਿ ਹਰਜਿੰਦਰ ਕੁਮਾਰ ਸਾਲ 2013 ਦੇ ਵਿਚ ਜਲੰਧਰ ਦੇ ਇਕ ਏਜੰਟ ਦੀ ਮਦਦ ਨਾਲ ਰਿਸ਼ਤੇਦਾਰਾਂ ਅਤੇ ਕੁਝ ਲੋਕਾਂ ਤੋਂ ਵਿਆਜੂ ਪੈਸੇ ਲੈ ਕੇ ਆਸਟ੍ਰੇਲੀਆ ਗਿਆ ਸੀ। ਪਰ ਉਕਤ ਏਜੰਟ ਹਰਜਿੰਦਰ ਕੁਮਾਰ ਨੂੰ ਧੋਖਾ ਦੇ ਕੇ ਹਾਂਗਕਾਂਗ ਲੈ ਗਿਆ।
ਹਾਂਗਕਾਂਗ ਦੇ ਵਿੱਚ ਪੁਲਿਸ ਨੇ ਹਰਜਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਚਾਰ ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਰਿਹਾਈ ਹੋਣ ਤੇ ਹਰਜਿੰਦਰ ਨੇ ਹਾਂਗਕਾਂਗ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੂੰ ਪੈਸੇ ਮਿਲੇ ਤਾਂ ਉਸ ਨੇ ਫੋਨ ਕਰਕੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਹਾਂਗਕਾਂਗ ਵਿਚ ਰਹਿ ਰਿਹਾ ਹੈ। ਕਿਉਂਕਿ ਏਜੰਟ ਨੇ ਉਸ ਨੂੰ ਧੋਖਾ ਦੇ ਨਾਲ ਹਾਂਗਕਾਂਗ ਵਿੱਚ ਫਸਾਇਆ ਹੈ। ਏਜੰਟ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਨਾ ਤਾਂ ਉਹ ਉਸ ਦਾ ਫੋਨ ਚੁੱਕ ਰਿਹਾ ਹੈ ਅਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋ ਰਿਹਾ ਹੈ।
ਜਦੋਂ ਵੀ ਹਰਜਿੰਦਰ ਨੂੰ ਘਰ ਆਉਣ ਲਈ ਕਿਹਾ ਜਾਂਦਾ ਸੀ ਤਾਂ ਉਹ ਇੱਕੋ ਜਵਾਬ ਦਿੰਦਾ ਸੀ ਕਿ ਜਿਨ੍ਹਾਂ ਲੋਕਾਂ ਤੋਂ ਪੈਸੇ ਉਧਾਰ ਲਏ ਗਏ ਹਨ। ਉਨ੍ਹਾਂ ਦੇ ਪੈਸੇ ਲੈ ਕੇ ਹੀ ਉਹ ਭਾਰਤ ਵਾਪਸ ਆਵੇਗਾ। ਇਸ ਦੌਰਾਨ ਪਤਾ ਲੱਗਾ ਕਿ ਹਰਜਿੰਦਰ ਬਿਮਾਰ ਹੈ। ਬੁੱਧਵਾਰ ਦੀ ਰਾਤ ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਕੁਝ ਸਿਆਸੀ ਵਿਅਕਤੀਆਂ ਨੂੰ ਹਰਜਿੰਦਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਹਰਜਿੰਦਰ ਦੀ ਮਾਤਾ ਨੇ ਉਕਤ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।