ਪੰਜਾਬ ਵਿਚ ਜਿਲ੍ਹਾ ਬਰਨਾਲਾ ਦੇ ਰਾਏਕੋਟ-ਬਰਨਾਲਾ ਮੁੱਖ ਮਾਰਗ ਤੇ ਪੈਂਦੇ ਪਿੰਡ ਨਿਹਾਲੂਵਾਲ ਅਤੇ ਦੱਧਾਹੂਰ ਵਿਚਕਾਰ ਡਰੇਨ ਦੇ ਪੁਲ ਨੇੜੇ ਸ਼ੁੱਕਰਵਾਰ ਸਵੇਰੇ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਟੱਕਰ ਦੇ ਵਿਚ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਜਦੋਂ ਕਿ ਪੰਜ ਹੋਰ ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੀ ਬੱਸ ਰਾਜਸਥਾਨ ਦੇ ਜੈਪੁਰ ਤੋਂ ਲੁਧਿਆਣਾ ਆ ਰਹੀ ਸੀ। ਇਸ ਬੱੱਸ ਵਿਚ ਕਰੀਬ 35 ਸਵਾਰੀਆਂ ਸਵਾਰ ਸਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਨਿਹਾਲੂਵਾਲ ਨੇੜੇ ਅੱਜ ਸਵੇਰੇ ਕਰੀਬ 6 ਵਜੇ ਇਸ ਬੱਸ ਦੀ ਟੱਕਰ ਰਾਏਕੋਟ ਤੋਂ ਆ ਰਹੇ ਟਰੱਕ ਨਾਲ ਹੋ ਗਈ। ਇਸ ਆਹਮੋ-ਸਾਹਮਣੇ ਦੀ ਟੱਕਰ ਤੋਂ ਬਾਅਦ ਸਵਾਰੀਆਂ ਵਿਚ ਹੜਕੰਪ ਮੱਚ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੇ ਸਬ-ਇੰਸਪੈਕਟਰ ਸਤਪਾਲ ਸਿੰਘ ਏ.ਐੱਸ.ਆਈ ਕਰਮਜੀਤ ਸਿੰਘ ਪੁਲਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅਤੇ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਸਵਾਰੀਆਂ ਨੇ ਹਾਹਾਕਾਰ ਮਚਾਈ। ਚਸ਼ਮਦੀਦਾਂ ਅਨੁਸਾਰ ਟੱਕਰ ਕਾਰਨ ਬੱਸ ਦਾ ਡਰਾਈਵਰ ਦੋਵੇਂ ਵਾਹਨਾਂ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ। ਕਰੀਬ ਡੇਢ ਘੰਟੇ ਬਾਅਦ ਰਾਹਗੀਰਾਂ ਨੇ ਜੇਸੀਬੀ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਡਰਾਈਵਰ ਦੀ ਮੌਤ ਹੋ ਗਈ ਸੀ।
ਇਸ ਤੋਂ ਇਲਾਵਾ ਪੰਜ ਹੋਰ ਲੋਕ ਵੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਰਨਾਲਾ ਅਤੇ ਹੋਰ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਡਰਾਈਵਰ ਦੇ ਰਿਸ਼ਤੇਦਾਰਾਂ ਅਤੇ ਜ਼ਖ਼ਮੀਆਂ ਦੇ ਵਾਰਸਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।