ਪੰਜਾਬ ਵਿਚ ਮੁਕਤਸਰ ਦੇ ਪਿੰਡ ਬਾਮ ਵਿੱਚ ਕੰਧ ਦੇ ਝਗੜੇ ਵਿੱਚ ਇੱਕ ਨੌਜਵਾਨ ਨੇ ਆਪਣੇ ਤਾਏ ਅਤੇ ਦਾਦਾ ਦਾਦੀ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਤਾਇਆ ਅਤੇ ਦਾਦੇ ਦੀ ਮੌਤ ਹੋ ਗਈ। ਜਦੋਂ ਕਿ ਦਾਦੀ ਜ਼ਖਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਖੁਦ ਹੀ ਮਲੋਟ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਮ ਦੇ ਰਹਿਣ ਵਾਲੇ ਹਰਦੀਪ ਸਿੰਘ ਦਾ ਆਪਣੇ ਦਾਦਾ ਜਰਨੈਲ ਸਿੰਘ ਉਮਰ 80 ਸਾਲ ਪੁੱਤਰ ਲਾਲ ਸਿੰਘ ਅਤੇ ਤਾਏ ਮਿੱਠੂ ਸਿੰਘ ਉਮਰ 65 ਸਾਲ ਪੁੱਤਰ ਠਾਨਾ ਸਿੰਘ ਨਾਲ ਘਰ ਦੀ ਕੰਧ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ।
ਇਸ ਰੌਲੇ ਨੂੰ ਲੈ ਕੇ ਪੰਚਾਇਤ ਵੀ ਇਕੱਠੀ ਹੋਈ ਸੀ। ਸ਼ਨੀਵਾਰ ਨੂੰ ਘਰ ਵਿਚ ਕੰਧ ਬਣਾਉਣ ਦਾ ਕੰਮ ਚੱਲ ਰਿਹਾ ਸੀ। ਪਰ ਸ਼ਨੀਵਾਰ ਸਵੇਰੇ ਕਰੀਬ 11 ਵਜੇ ਜਦੋਂ ਮਿਸਤਰੀ ਕੰਧ ਬਣਾ ਰਿਹਾ ਸੀ ਤਾਂ ਹਰਦੀਪ ਸਿੰਘ ਉਥੇ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਚਾਹੁੰਦਾ ਸੀ ਕਿ ਘਰ ਵਿੱਚ ਬਣ ਰਹੀ ਕੰਧ ਵਿੱਚ ਉਸ ਨੂੰ ਹੋਰ ਥਾਂ ਮਿਲ ਜਾਵੇ। ਇਸ ਲਈ ਉਹ ਜਰਨੈਲ ਸਿੰਘ ਅਤੇ ਮਿੱਠੂ ਸਿੰਘ ਨੂੰ ਕੰਧ ਨੂੰ ਥੋੜ੍ਹਾ ਅੱਗੇ ਕਰਨ ਲਈ ਕਹਿ ਰਿਹਾ ਸੀ। ਇਸ ਤੇ ਉਨ੍ਹਾਂ ਵਿਚ ਬਹਿਸ ਸ਼ੁਰੂ ਹੋ ਗਈ।
ਜਿਸ ਤੋਂ ਬਾਅਦ ਹਰਦੀਪ ਸਿੰਘ ਨੇ ਗੁੱਸੇ ਵਿੱਚ ਆ ਕੇ ਪਿਸਤੌਲ ਨਾਲ ਫਾਇਰ ਕਰ ਦਿੱਤੇ। ਇਸ ਦੌਰਾਨ ਜਦੋਂ ਜਰਨੈਲ ਸਿੰਘ ਦੀ ਪਤਨੀ ਨਸੀਬ ਕੌਰ ਦਖਲ ਦੇਣ ਆਈ ਤਾਂ ਉਸ ਨੂੰ ਵੀ ਗੋਲੀ ਲੱਗ ਗਈ। ਇਸ ਘਟਨਾ ਵਿੱਚ ਜਰਨੈਲ ਸਿੰਘ ਅਤੇ ਮਿੱਠੂ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਨਸੀਬ ਕੌਰ ਨੂੰ ਜ਼ਖਮੀ ਹਾਲਤ ਵਿਚ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਮਲੋਟ ਜਸਪਾਲ ਸਿੰਘ ਅਤੇ ਥਾਣਾ ਇੰਚਾਰਜ ਸਮੇਤ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਸ ਸਬੰਧੀ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਰਨੈਲ ਸਿੰਘ ਦੇ ਪੁੱਤਰ ਹਰ ਭਗਵਾਨ ਸਿੰਘ ਅਤੇ ਪੁੱਤਰੀ ਜਸ਼ਨ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੇ ਆਤਮ ਸਮਰਪਣ ਕਰ ਦਿੱਤਾ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਹਥਿਆਰ ਕਿੱਥੋਂ ਅਤੇ ਕਿਸ ਤੋਂ ਲੈ ਕੇ ਆਇਆ ਸੀ। ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਤਾਇਆ ਮਿੱਠੂ ਸਿੰਘ ਅਪਾਹਜ ਸੀ।