ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਤਰਨਤਾਰਨ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਇਥੇ ਸਾਬਕਾ ਸਰਪੰਚ ਦੇ ਪੋਤਰੇ ਦੇ ਜਨਮ ਨੂੰ ਲੈ ਕੇ ਰੱਖੀ ਗਈ ਪਾਰਟੀ ਵਿਚ ਕਈ ਫਾਇਰ ਵੀ ਹੋਏ ਪਰ ਉੱਥੇ ਹੀ ਖਾਣਾ ਖਾ ਰਹੇ ਇਕ ਨੌਜਵਾਨ ਦੀ ਗੋਲੀ ਨੇ ਜਾਨ ਲੈ ਲਈ। ਪੁਲਿਸ ਹੁਣ ਪਰਿਵਾਰਕ ਬਿਆਨਾਂ ਅਤੇ ਫੁਟੇਜ ਦੇ ਆਧਾਰ ਤੇ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਘਟਨਾ ਤਰਨਤਾਰਨ ਦੇ ਪਿੰਡ ਚੂਸਲੇਵੱੜ ਦੀ ਹੈ। ਐਸਐਚਓ ਹਰਸ਼ਾ ਸਿੰਘ ਨੇ ਦੱਸਿਆ ਕਿ ਪਿੰਡ ਚੂਸਲੇਵੜ ਦੇ ਸਾਬਕਾ ਸਰਪੰਚ ਰਸਾਲ ਸਿੰਘ ਦੇ ਘਰ ਪੋਤਰੇ ਦਾ ਜਨਮ ਹੋਇਆ ਹੈ। ਜਿਸ ਤੇ ਪਾਰਟੀ ਦਾ ਪ੍ਰੋਗਰਾਮ ਕੀਤਾ ਗਿਆ।
ਪਾਰਟੀ ਵਿੱਚ ਸ਼ਰਾਬ ਵੀ ਵਰਤਾਈ ਜਾ ਰਹੀ ਸੀ ਅਤੇ ਸ਼ਰਾਬੀ ਨੌਜਵਾਨ ਹਵਾ ਵਿੱਚ ਗੋਲੀਆਂ ਵੀ ਚਲਾ ਰਹੇ ਸਨ। ਇਸ ਦੌਰਾਨ ਡੀਜੇ ਤੇ ਡਾਂਸ ਕਰਦੇ ਸਮੇਂ ਕਿਸੇ ਅਣਪਛਾਤੇ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਨੇੜਲੇ ਟੇਬਲ ਤੇ ਬੈਠ ਕੇ ਖਾਣਾ ਖਾ ਰਹੇ ਗੁਰਵੇਲ ਸਿੰਘ ਦੇ ਸਿਰ ‘ਚ ਲੱਗੀ।
ਹਸਪਤਾਲ ਵਿਚ ਇਲਾਜ ਦੌਰਾਨ ਮੌਤ
ਇਸ ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਪਰ ਗੁਰਵੇਲ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਪਿੰਡ ਵਾਲੇ ਲੋਕਾਂ ਨੇ ਉਸ ਨੂੰ ਤੁਰੰਤ ਚੁੱਕ ਕੇ ਪੱਟੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਹਾਲਤ ਜਿਆਦਾ ਵਿਗੜਨ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅੰਮ੍ਰਿਤਸਰ ਵਿਚ ਇਲਾਜ ਸ਼ੁਰੂ ਹੋ ਗਿਆ ਪਰ ਡਾਕਟਰ ਗੁਰਵੇਲ ਸਿੰਘ ਨੂੰ ਬਚਾ ਨਾ ਸਕੇ।
ਗੋਲੀ ਚਲਾਉਣ ਵਾਲੇ ਦੀ ਭਾਲ ਕਰ ਰਹੀ ਪੁਲਸ
ਇਸ ਘਟਨਾ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਰਟੀ ਵਿਚ ਬਣ ਰਹੀ ਵੀਡੀਓ ਦੇ ਆਧਾਰ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੁਰਵੇਲ ਸਿੰਘ ਦੇ ਪਰਿਵਾਰ ਵਾਲਿਆਂ ਦੇ ਵੀ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਦੇ ਆਧਾਰ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।