ਪੰਜਾਬੀ ਵਿਚ ਕਪਰੂਥਲਾ, ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨਾਲ ਸਬੰਧਤ ਪਿੰਡ ਤਕੀਆ ਦੇ ਵਿਚ ਹੋਈ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਨੇ ਕਥਿਤ ਤੌਰ ਤੇ ਕਿਰਲੀ ਵਾਲੀ ਜ਼ਹਿਰੀਲੀ ਚਾਹ ਪੀ ਲਈ ਜਿਸ ਦੇ ਕਾਰਨ ਪੰਜੇ ਮੈਂਬਰ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਜੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਇਆਂ ਉਨ੍ਹਾਂ ਨੂੰ ਮੋਗਾ ਰੈਫਰ ਕਰ ਦਿੱਤਾ ਗਿਆ ਹੈ।
ਇਸ ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਦੋ ਮਾਸੂਮ ਬੱਚਿਆਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ ਸ਼ਿਵਰਾਜ ਸਿੰਘ ਉਮਰ 6 ਸਾਲ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਤਕੀਆ ਅਤੇ ਦਮਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚਾਹ ਵਿਚ ਕਿਰਲੀ ਡਿੱਗ ਗਈ ਸੀ। ਜਿਸ ਕਾਰਨ ਚਾਹ ਜ਼ਹਿਰੀਲੀ ਹੋ ਗਈ ਜਿਸ ਨੂੰ ਪੂਰੇ ਪਰਿਵਾਰ ਨੇ ਪੀ ਲਿਆ ਅਤੇ ਕੁਝ ਸਮੇਂ ਬਾਅਦ ਹੀ ਪਰਿਵਾਰ ਦੇ ਸਾਰੇ ਮੈਂਬਰ ਬੀਮਾਰ ਹੋ ਗਏ। ਪਰਿਵਾਰ ਦੇ ਦੋ ਬੱਚਿਆਂ ਸ਼ਿਵਰਾਜ ਸਿੰਘ ਅਤੇ ਦਮਨਪ੍ਰੀਤ ਕੌਰ ਦੀ ਮੌਤ ਹੋ ਗਈ ਹੈ, ਜਦੋਂ ਕਿ ਪਰਿਵਾਰ ਦੇ ਤਿੰਨ ਮੈਂਬਰ ਪਿਤਾ ਗੁਰਪ੍ਰੀਤ ਸਿੰਘ ਮਾਂ ਬਲਜੀਤ ਕੌਰ ਤੇ ਸਭ ਤੋਂ ਛੋਟੀ ਧੀ ਨਵਪ੍ਰੀਤ ਕੌਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਇਸ ਘਟਨਾ ਵਿਚ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੇ ਸਕੇ ਸਬੰਧੀ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਹੱਥ ਫੜ ਕੇ ਮਦਦ ਕਰਨੀ ਚਾਹੀਦੀ ਹੈ।