ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਵਿੱਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.50 ਲੱਖ ਰੁਪਏ ਦੀ ਨਕਦੀ ਨੂੰ ਚੋਰੀ ਕਰ ਲਿਆ। ਘਰ ਵਿਚ ਘਰ ਦਾ ਕੋਈ ਮੈਂਬਰ ਨਾ ਹੋਣ ਤੇ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦਾ ਮਾਲਕ ਗੁਰਦਾਸਪੁਰ ਗਿਆ ਹੋਇਆ ਸੀ, ਜਦੋਂ ਉਹ ਵਾਪਸ ਆਇਆ ਤਾਂ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਮਿਲੇ। ਉਸ ਨੇ ਇਸ ਵਾਰਦਾਤ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪਿੰਡ ਸੋਹਲ ਵਾਸੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਖ੍ਰੀਦਦਾਰੀ ਕਰਨ ਲਈ ਧਾਰੀਵਾਲ ਗਿਆ ਸੀ। ਉਥੋਂ ਕੁਝ ਕੰਮ ਲਈ ਗੁਰਦਾਸਪੁਰ ਚਲੇ ਗਏ। ਵਾਪਸ ਆਉਣ ਤੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਅਤੇ ਅੰਦਰ ਦਾਖਲ ਹੋਣ ਤੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ।
ਕਮਰਿਆਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਘਰ ਵਿਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.5 ਲੱਖ ਰੁਪਏ ਦੀ ਨਕਦੀ ਗਾਇਬ ਸੀ। ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਵੱਡੀ ਬੇਟੀ ਜੋ ਕਿ ਵਿਆਹੀ ਹੋਈ ਹੈ, ਆਸਟ੍ਰੇਲੀਆ ਰਹਿੰਦੀ ਹੈ ਅਤੇ ਉਹ ਛੋਟੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ।
ਸੁਖਜਿੰਦਰ ਸਿੰਘ ਨੇ ਦੱਸਿਆ ਕਿ ਵੱਡੀ ਧੀ ਦੇ ਗਹਿਣੇ ਵੀ ਉਨ੍ਹਾਂ ਕੋਲ ਹੀ ਪਏ ਸਨ। ਬਾਕੀ ਦੇ ਗਹਿਣੇ ਛੋਟੀ ਧੀ ਦੇ ਵਿਆਹ ਲਈ ਤਿਆਰ ਕੀਤੇ ਗਏ ਸਨ। ਜਦੋਂ ਕਿ ਚੋਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਕੂੜਾ ਚੁੱਕਣ ਦਾ ਕੰਮ ਕਰ ਰਹੇ ਚੋਰ ਨੇ ਪਹਿਲਾਂ ਘਰ ਦੇ ਆਲੇ ਦੁਆਲੇ ਦਾ ਜਾਇਜ਼ਾ ਲਿਆ ਅਤੇ ਮੌਕਾ ਪਾ ਕੇ ਕੰਧ ਟੱਪ ਕੇ ਅੰਦਰ ਵੜ ਗਿਆ। ਇਸ ਤੋਂ ਬਾਅਦ ਉਸ ਨੇ ਸੋਨੇ ਦੇ ਗਹਿਣੇ ਅਤੇ ਨਕਦੀ ਤੇ ਹੱਥ ਸਾਫ ਕੀਤਾ। ਪੁਲੀਸ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।