ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਐਤਵਾਰ ਨੂੰ ਦੇਰ ਰਾਤ ਕਾਰ ਚਲਾਉਂਦੇ ਸਮੇਂ ਨੀਂਦ ਆਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਗੱਡੀ ਚਲਾਉਂਦੇ ਸਮੇਂ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਕਾਰ ਤੇਜ਼ ਰਫਤਾਰ ਨਾਲ ਹਾਈਵੇਅ ਦੇ ਪੁਲ ਤੇ ਪੈਰਾਫਿਟ ਅਤੇ ਰੇਲਿੰਗ ਨਾਲ ਟਕਰਾ ਗਈ। ਹਾਦਸੇ ਵਿੱਚ ਮਰਨ ਵਾਲੇ ਲੋਕ ਜਲੰਧਰ ਦੀ ਨਗੀਨਾ ਪੰਸਾਰੀ ਦੇ ਪਰਿਵਾਰ ਨਾਲ ਸਬੰਧਤ ਸਨ।
ਦੱਸਿਆ ਜਾ ਰਿਹਾ ਹੈ ਕਿ ਕਨਵ ਅਗਰਵਾਲ ਪੁੱਤਰ ਮਧੂਸੂਦਨ ਅਗਰਵਾਲ ਵਾਸੀ ਜਲੰਧਰ ਆਪਣੇ ਪਰਿਵਾਰ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਸੀ। ਜਦੋਂ ਉਹ ਟਾਂਡਾ ਉੜਮੁੜ ਨੇੜੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਨੇੜੇ ਪਹੁੰਚਿਆ, ਜਿੱਥੇ ਪੁਲ ਸ਼ੁਰੂ ਹੁੰਦਾ ਹੈ ਤਾਂ ਅਚਾਨਕ ਉਸ ਦੀ ਕਾਰ ਪੁਲ ਦੀ ਪੈਰਾਫਿਟ ਅਤੇ ਰੇਲਿੰਗ ਨਾਲ ਟਕਰਾ ਗਈ। ਹਾਦਸੇ ‘ਚ ਕਾਰ ‘ਚ ਸਵਾਰ ਕਨਵ ਅਗਰਵਾਲ ਦੀ ਪਤਨੀ ਮਹਿਕ ਅਗਰਵਾਲ, ਬੇਟੀ ਵਰਿੰਦਾ ਅਤੇ ਮਾਂ ਰੇਣੂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕਨਵ ਅਗਰਵਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਜਦੋਂ ਕਾਰ ਪੁਲ ਦੇ ਪੈਰਾਫਿਟ ਨਾਲ ਟਕਰਾ ਗਈ ਤਾਂ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ਵਾਲੀ ਥਾਂ ਵੱਲ ਦੌੜੇ ਆਏ। ਉਨ੍ਹਾਂ ਨੇ ਸਾਰਿਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਸਾਰਿਆਂ ਨੂੰ ਤੁਰੰਤ ਕੋਸ਼ਿਸ਼ ਨਾਲ ਸਿਵਲ ਹਸਪਤਾਲ ਟਾਂਡਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਾਰ ਵਿੱਚ ਲਿਆਂਦੀਆਂ ਦੋ ਔਰਤਾਂ ਅਤੇ ਇੱਕ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਹਾਦਸੇ ਵਿਚ ਜਖਮੀ ਕਨਵ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਕਨਵ ਅਗਰਵਾਲ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਾਹਮਣੇ ਤੋਂ ਬਿਲਕੁੱਲ ਹਾਦਸਾਗ੍ਰਸਤ ਹੋ ਗਈ। ਹਾਦਸੇ ਦਾ ਕਾਰਨ ਨੀਂਦ ਦਾ ਆਉਣਾ ਸੀ। ਕਾਰ ਚਲਾਉਂਦੇ ਸਮੇਂ ਅਚਾਨਕ ਨੀਂਦ ਆ ਗਈ ਅਤੇ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਅਚਾਨਕ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਮਾਰੇ ਗਏ ਕਨਵ ਦੀ ਸੱਸ, ਪਤਨੀ ਅਤੇ ਧੀ ਦੀਆਂ ਲਾਸ਼ਾਂ ਨੂੰ ਟਾਂਡਾ ਦੇ ਸਿਵਲ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਹੈ।