ਪੰਜਾਬ ਵਿਚ ਤਰਨਤਾਰਨ, ਖੇਮਕਰਨ ਦੇ ਰਹਿਣ ਵਾਲੇ ਸ਼ੇਰਾ ਮਸੀਹ ਉਮਰ 35 ਸਾਲ ਦੀ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਜਾਣਬੁੱਝ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵਾਂ ਨੇ ਖੇਮਕਰਨ ਦੇ ਟੈਕਸੀ ਸਟੈਂਡ ਤੋਂ ਅੰਮ੍ਰਿਤਸਰ ਲਈ ਜੈਨ ਨ ਕਾਰ ਕਿਰਾਏ ਤੇ ਲਈ ਸੀ। ਰਸਤੇ ਵਿਚ ਜਿਵੇਂ ਹੀ ਕਾਰ ਰੁਕੀ ਤਾਂ ਪਿੱਛਿਓਂ ਉਸ ਦੇ ਸਿਰ ਵਿਚ ਗੋਲੀ ਮਾਰੀ ਗਈ।ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਆਖਰੀ ਪਿੰਡ ਖੇਮਕਰਨ ਦੇ ਵਾਰਡ-3 ਦੇ ਵਸਨੀਕ ਨਾਜਰ ਮਸੀਹ ਦਾ 35 ਸਾਲਾ ਲੜਕਾ ਸ਼ੇਰਾ ਮਸੀਹ ਟੈਕਸੀ ਚਲਾਉਂਣ ਦਾ ਕੰਮ ਕਰਦਾ ਸੀ। ਉਸ ਨੇ ਤਿੰਨ ਮਹੀਨੇ ਪਹਿਲਾਂ ਹੀ ਇੱਕ ਸੈਕਿੰਡ ਹੈਂਡ ਜੈਨ ਕਾਰ ਖਰੀਦੀ ਸੀ।
ਕਾਰ ਖੇਮਕਰਨ ਥਾਣੇ ਤੋਂ ਕਰੀਬ 550 ਗਜ਼ ਦੀ ਦੂਰੀ ਤੇ ਟੈਕਸੀ ਸਟੈਂਡ ਤੇ ਖੜ੍ਹੀ ਸੀ। ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਦੋ ਵਿਅਕਤੀ (ਜੋ ਕਿਸੇ ਹੋਰ ਸੂਬੇ ਦੇ ਜਾਪਦੇ ਸਨ) ਸ਼ੇਰਾ ਮਸੀਹ ਕੋਲ ਆਏ ਅਤੇ ਅੰਮ੍ਰਿਤਸਰ ਲਈ ਟੈਕਸੀ ਲੈ ਕੇ ਗਏ। ਕਾਰ ਅਜੇ ਖੇਮਕਰਨ ਤੋਂ ਛੇ ਕਿਲੋਮੀਟਰ ਦੂਰ ਪਿੰਡ ਆਸਲ ਉਤਾੜ (ਟਾਹਲੀ) ਦੇ ਮੋੜ ਉਪਰ ਪਹੁੰਚੀ ਹੀ ਸੀ ਕਿ ਅਚਾਨਕ ਉਨ੍ਹਾਂ ਨੇ ਕਾਰ ਰੁਕਵਾ ਲਈ ਅਤੇ ਪਿਸਤੌਲ ਨਾਲ ਸ਼ੇਰਾ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਜੋ ਮੱਥੇ ਨੂੰ ਚੀਰਦੀ ਹੋਈ ਸੀਸੇ ਵਿਚੀਂ ਨਿਕਲ ਗਈ। ਇਸ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਸਬ-ਡਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਤਰਸੇਮ ਮਸੀਹ ਅਤੇ ਥਾਣਾ ਖੇਮਕਰਨ ਦੇ ਇੰਚਾਰਜ ਇੰਸਪੈਕਟਰ ਕੰਵਲਜੀਤ ਰਾਏ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ੇਰਾ ਦੇ ਪਿਤਾ ਨਾਜਰ ਮਸੀਹ ਅਤੇ ਮਾਤਾ ਹਰਨਾਮ ਕੌਰ ਦੀ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸ਼ੇਰਾ ਦੇ ਦੋ ਭਰਾ ਵੀ ਮੌਤ ਦੇ ਮੂੰਹ ਵਿਚ ਚਲੇ ਗਏ। ਸ਼ੇਰ ਦਾ ਵੱਡਾ ਭਰਾ ਅਸ਼ੋਕ ਕੁਮਾਰ ਮਾਨਸਿਕ ਤੌਰ ਤੇ ਬਿਮਾਰ ਰਹਿੰਦਾ ਹੈ। ਸ਼ੇਰਾ ਦੋ ਲੜਕਿਆਂ ਦਾ ਪਿਤਾ ਹੈ ਜਿਨ੍ਹਾਂ ਦੀ ਉਮਰ ਇਕ ਛੇ ਅਤੇ ਦੂਜੇ ਦੀ ਚਾਰ ਸਾਲ ਹੈ। ਸ਼ੇਰਾ ਸਾਰਾ ਘਰ ਆਪਣੇ ਸਿਰ ਤੇ ਚਲਾਉਂਦਾ ਸੀ। ਉਹ ਸਵੇਰੇ ਟਿਫ਼ਨ ਵਿੱਚ ਰੋਟੀਆਂ ਲੈ ਕੇ ਕਾਰ ਵਿੱਚ ਟੈਕਸੀ ਸਟੈਂਡ ਜਾਂਦਾ ਸੀ।
ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਕਤਲ ਸਾਜ਼ਿਸ਼ ਤਹਿਤ ਕੀਤਾ ਗਿਆ ਹੈ, ਮੁਹੱਲਾ ਵਾਸੀ ਜਗੀਰ ਸਿੰਘ, ਕਸ਼ਮੀਰ ਸਿੰਘ, ਸੇਵਾ ਰਾਮ, ਗੁਲਸ਼ਨ ਰਾਮ ਅਤੇ ਕਸਤੂਰੀ ਲਾਲ ਨੇ ਦੱਸਿਆ ਹੈ ਕਿ ਸ਼ੇਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਹ ਕਤਲ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ। ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਮੰਗਤ ਰਾਮ ਗੁਲਾਟੀ ਅਤੇ ਸਾਬਕਾ ਕਾਂਗਰਸੀ ਆਗੂ ਪਵਨ ਕੁਮਾਰ ਵੇਦੀ ਨੇ ਕਿਹਾ ਕਿ ਸ਼ੇਰਾ ਦੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
CCTV ਚੈੱਕ ਕਰ ਰਹੀ ਪੁਲੀਸ
ਸ਼ੇਰਾ ਦਾ ਮੋਬਾਈਲ ਨਹੀਂ ਲੱਭ ਸਕਿਆ ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਖੇਮਕਰਨ ਦੇ ਟੈਕਸੀ ਸਟੈਂਡ ਤੋਂ ਆਸਲ ਉਤਾੜ ਟਾਹਲੀ ਤੱਕ ਛੇ ਕਿਲੋਮੀਟਰ ਦੇ ਘੇਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰ ਰਹੀ ਹੈ ਕਿ ਕਤਲ ਪਿੱਛੇ ਕੀ ਕਾਰਨ ਹਨ। ਮ੍ਰਿਤਕ ਦਾ ਮੋਬਾਈਲ ਅਜੇ ਤੱਕ ਨਹੀਂ ਮਿਲਿਆ ਹੈ। ਕਾਲ ਡਿਟੇਲ ਚੈੱਕ ਕਰਨ ਦੀ ਜ਼ਿੰਮੇਵਾਰੀ ਮਾਹਿਰ ਟੀਮ ਨੂੰ ਸੌਂਪ ਦਿੱਤੀ ਗਈ ਹੈ। ਕਾਤਲ ਕੌਣ ਹੈ, ਇਸ ਦਾ ਪਤਾ ਜਲਦੀ ਹੀ ਲੱਗ ਜਾਵੇਗਾ ਨਾਲ ਹੀ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਵੇਗੀ।