ਪੰਜਾਬ ਵਿਚ ਤਰਨਤਾਰਨ ਖੇਮਕਰਨ ਦੇ ਸਰਹੱਦੀ ਕਸਬਾ ਖੇਮਕਰਨ ਦੇ ਨੌਜਵਾਨ ਟੈਕਸੀ ਡਰਾਈਵਰ ਸ਼ੇਰ ਮਸੀਹ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਥਾਣਾ ਵਲਟੋਹਾ ਨੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕਤਲ ਦੇ ਮੁਲਜ਼ਮਾਂ ਵਿੱਚ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁੱਖ ਮੁਲਜ਼ਮ ਸਾਜਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਮੋਹਨ ਬਸਤੀ ਵਾਰਡ ਨੰਬਰ 6 ਖੇਮਕਰਨ ਹੈ ਜਿਸ ਨੂੰ ਥਾਣਾ ਵਲਟੋਹਾ ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਸਾਜਨ ਸਿੰਘ ਦੇ ਦੋ ਸਾਥੀਆਂ ਅਰੁਣ ਅਤੇ ਰੋਹਿਤ ਜੋ ਕਿ ਉਤਰਾਖੰਡ ਦੇ ਰਹਿਣ ਵਾਲੇ ਹਨ ਅਤੇ ਪੇਸ਼ੇ ਤੋਂ ਸ਼ੂਟਰ ਹਨ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਵਲਟੋਹਾ ਦੇ ਐਸ.ਆਈ. ਜਗਦੀਪ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਸ਼ੇਰ ਮਸੀਹ ਦੇ ਭਰਾ ਅਸ਼ੋਕ ਮਸੀਹ ਨੇ ਦੱਸਿਆ ਕਿ ਸ਼ੇਰ ਮਸੀਹ ਆਪਣੀ ਨਿੱਜੀ ਜੈਨ ਕਾਰ ਤੇ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਜਿਸ ਕਾਰਨ ਉਹ 2 ਸਵਾਰੀਆਂ ਨੂੰ ਟੈਕਸੀ ਸਟੈਂਡ ਤੋਂ ਅੰਮ੍ਰਿਤਸਰ ਲਈ ਲੈ ਕੇ ਗਿਆ ਸੀ।
ਅਸ਼ੋਕ ਨੇ ਜਦੋਂ ਮ੍ਰਿਤਕ ਸ਼ੇਰ ਮਸੀਹ ਨੂੰ ਕਿਸੇ ਕੰਮ ਦੇ ਲਈ ਫੋਨ ਕਰਿਆ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਅਸ਼ੋਕ ਆਪਣੇ ਭਰਾ ਦੀ ਭਾਲ ਵਿੱਚ ਮੋਟਰਸਾਈਕਲ ਤੇ ਅੰਮ੍ਰਿਤਸਰ ਵੱਲ ਨੂੰ ਚੱਲ ਪਿਆ। ਜਦੋਂ ਉਹ ਪਿੰਡ ਆਸਲ ਉਤਾੜ ਦੇ ਅੱਡੇ ਟਾਹਲੀ ਕੋਲ ਪਹੁੰਚੇ ਤਾਂ ਦੇਖਿਆ ਕਿ ਉਸ ਦਾ ਭਰਾ ਕਾਰ ਵਿੱਚ ਲਹੂ ਲੁਹਾਣ ਅਤੇ ਸਿਰ ਵਿੱਚ ਗੋਲੀਆਂ ਮਾਰ ਲਥਪਥ ਕੀਤਾ ਪਿਆ ਸੀ। ਉਨ੍ਹਾਂ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਸ਼ੇਰ ਮਸੀਹ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਮੌਕੇ ਤੇ ਪਹੁੰਚੀ ਅਤੇ ਕੈਮਰਿਆਂ ਅਤੇ ਖ਼ੁਫ਼ੀਆ ਸੂਤਰਾਂ ਰਾਹੀਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਸਾਜਨ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਤੱਥਾਂ ਦੇ ਆਧਾਰ ਤੇ ਪੁੱਛਗਿੱਛ ਕੀਤੀ ਗਈ।
ਪੁਲਿਸ ਪੁੱਛਗਿੱਛ ਦੇ ਦੌਰਾਨ ਸਾਜਨ ਸਿੰਘ ਨੇ ਖੁਲਾਸਾ ਕੀਤਾ ਕਿ ਮ੍ਰਿਤਕ ਸ਼ੇਰ ਮਸੀਹ ਦੀ ਪਤਨੀ ਨਾਲ ਉਸ ਦੇ ਕਾਫੀ ਸਮੇਂ ਤੋਂ ਨਾਜਾਇਜ਼ ਸਬੰਧ ਸਨ। ਜਿਸ ਕਾਰਨ ਦੋਵਾਂ ਵਿਚਾਲੇ ਕਈ ਵਾਰ ਤਕਰਾਰ ਵੀ ਹੋਈ। ਇਸ ਕਾਰਨ ਉਸ ਦੀ ਮ੍ਰਿਤਕ ਨਾਲ ਰੰਜਿਸ਼ ਰਹਿੰਦੀ ਸੀ ਅਤੇ ਸ਼ੇਰ ਮਸੀਹ ਨੂੰ ਮਾਰਨ ਲਈ ਉਸ ਨੇ ਆਪਣੇ ਉੱਤਰਾਖੰਡ ਦੋਸਤ ਅਰੁਣ ਵਾਸੀ ਰੁਦਰਪੁਰ ਨਾਲ ਮਿਲ ਕੇ ਯੋਜਨਾ ਬਣਾਈ ਸੀ। ਜਿਸ ਤਹਿਤ ਸਾਜਨ ਦੇ ਦੋਸਤ ਅਰੁਣ ਨੇ ਰੋਹਿਤ ਅਤੇ ਇੱਕ ਹੋਰ ਵਿਅਕਤੀ ਨੂੰ ਪੰਜਾਬ ਭੇਜਿਆ ਸੀ। ਸਾਜਨ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਰੋਹਿਤ ਅਤੇ ਹੋਰਾਂ ਨਾਲ ਮੁਲਾਕਾਤ ਕੀਤੀ ਅਤੇ ਇਕ ਗੈਸਟ ਹਾਊਸ ਤੇ ਰਾਤ ਕੱਟੀ। ਅਗਲੀ ਸਵੇਰ ਸਾਜਨ ਨੇ ਰੋਹਿਤ ਅਤੇ ਉਸਦੇ ਸਾਥੀ ਨੂੰ ਖੇਮਕਰਨ ਟੈਕਸੀ ਸਟੈਂਡ ਤੇ ਛੱਡ ਦਿੱਤਾ।
ਇਨ੍ਹਾਂ ਦੋਵਾਂ ਸ਼ੂਟਰਾਂ ਨੇ ਡਰਾਈਵਰ ਸਮੇਤ ਸ਼ੇਰ ਮਸੀਹ ਦੀ ਕਾਰ ਕਿਰਾਏ ਤੇ ਲੈ ਲਈ ਅਤੇ ਜਦੋਂ ਉਹ ਖੇਮਕਰਨ ਅਧੀਨ ਪੈਂਦੇ ਪਿੰਡ ਆਸਲ ਉਤਾੜ ਦੇ ਅੱਡੇ ਟਾਲੀ ਮੋੜ ਤੇ ਪਹੁੰਚੇ ਤਾਂ ਸ਼ੂਟਰ ਉਸ ਨੂੰ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਵਲਟੋਹਾ ਐੱਸ.ਆਈ. ਜਗਦੀਪ ਸਿੰਘ ਨੇ ਕਿਹਾ ਕਿ ਜਲਦ ਹੀ ਹੋਰ ਕਾਤਲਾਂ ਨੂੰ ਵੀ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।