ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਪਿੰਡ ਲੱਖਾ ਚ ਰਾਤ ਸਮੇਂ ਉੱਚੀ ਆਵਾਜ਼ ਵਿਚ ਗੀਤ ਸੁਣਨ ਤੋਂ ਰੋਕਣ ਤੇ ਸ਼ਰਾਬੀ ਨੌਜਵਾਨ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪੁੱਤਰ ਨੇ ਲੱਕੜ ਦਾ ਘੋਟਣਾ ਆਪਣੇ ਪਿਤਾ ਦੇ ਸਿਰ ਵਿਚ ਮਾਰ ਦਿੱਤਾ। ਸਿਰ ਵਿੱਚ ਸੱਟ ਲੱਗਣ ਕਾਰਨ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਹਠੂਰ ਦੀ ਪੁਲੀਸ ਨੇ 23 ਸਾਲ ਦੇ ਕਰਮਾ ਸਿੰਘ ਉਰਫ਼ ਨਿੱਕਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ, ਪਰ ਬਾਅਦ ਵਿੱਚ ਪੁਲਿਸ ਨੇ ਕਾਬੂ ਕਰ ਲਿਆ।
ਅਦਾਲਤ ਨੇ ਇਕ ਦਿਨ ਦੇ ਰਿਮਾਂਡ ਤੇ ਭੇਜਿਆ
ਇਸ ਸਬੰਧੀ ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਭਰਾ ਦਵਿੰਦਰ ਸਿੰਘ ਉਰਫ ਮੰਗਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।ਉਸ ਨੇ ਦੱਸਿਆ ਹੈ ਕਿ ਉਸ ਦਾ ਇੱਕ ਛੋਟਾ ਭਰਾ ਕਰਮ ਸਿੰਘ ਅਤੇ ਪੰਜ ਭੈਣਾਂ ਹਨ। ਦੋਵੇਂ ਭਰਾਵਾਂ ਦਾ ਵਿਆਹ ਨਹੀਂ ਹੋਇਆ। ਕਰਮਾ ਸਿੰਘ ਕੋਈ ਕੰਮ ਨਹੀਂ ਕਰਦਾ। ਸੋਮਵਾਰ ਰਾਤ ਕਰੀਬ 9.30 ਵਜੇ ਕਰਮ ਸਿੰਘ ਆਪਣੇ ਪਿਤਾ ਜਗਰੂਪ ਸਿੰਘ ਨਾਲ ਝਗੜਾ ਕਰ ਰਿਹਾ ਸੀ। ਪਿਤਾ ਉਸ ਨੂੰ ਰਾਤ ਨੂੰ ਉੱਚੀ ਆਵਾਜ਼ ਵਿੱਚ ਗੀਤ ਸੁਣਨ ਤੋਂ ਮਨ੍ਹਾ ਕਰ ਰਿਹਾ ਸੀ ਅਤੇ ਰਾਤ ਕਾਫ਼ੀ ਹੋਣ ਕਰਕੇ ਸੌਣ ਲਈ ਕਹਿ ਰਿਹਾ ਸੀ। ਇਸ ਗੱਲ ਤੇ ਕਰਮਾ ਸਿੰਘ ਨੇ ਗੁੱਸੇ ਵਿਚ ਆ ਕੇ ਲੱਕੜ ਦਾ ਘੋਟਣਾ ਚੁੱਕ ਕੇ ਆਪਣੇ ਪਿਤਾ ਦੇ ਸਿਰ ਤੇ ਵਾਰ ਕਰ ਦਿੱਤਾ। ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਉਰਫ਼ ਪੰਮਾ ਸਮੇਤ ਹੋਰ ਲੋਕ ਵੀ ਉੱਥੇ ਪਹੁੰਚ ਗਏ ਅਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਸਾਲ ਪਹਿਲਾਂ ਨਸ਼ੇ ਲਈ ਪੈਸੇ ਨਾ ਦੇਣ ਤੇ ਮਾਂ ਦੀ ਕੁੱਟ ਕੇ ਕੀਤੀ ਸੀ ਹੱਤਿਆ
ਅੱਗੇ ਥਾਣਾ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਨਸ਼ੇ ਕਾਰਨ ਕਰਮਾ ਸਿੰਘ ਨੇ ਪੈਸੇ ਨਾ ਦੇਣ ‘ਤੇ 12 ਮਾਰਚ 2021 ਨੂੰ ਆਪਣੀ ਮਾਤਾ ਪਰਮਜੀਤ ਕੌਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਸ ਸਮੇਂ ਉਸਦੇ ਪਿਤਾ ਜਗਰੂਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਕਰਮ ਸਿੰਘ ਆਪਣੀ ਮਾਂ ਤੋਂ ਨਸ਼ੇ ਲਈ ਪੈਸੇ ਮੰਗ ਰਿਹਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
ਜਿਹੜੇ ਬੇਟੇ ਲਈ ਬਿਆਨ ਬਦਲੇ ਉਸ ਨੇ ਹੀ ਲਈ ਜਾਨ
ਪਿਤਾ ਜਗਰੂਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹੀ ਕਰਮਾ ਦੀ ਮਾਂ ਪਰਮਜੀਤ ਕੌਰ ਦੀ ਹੱਤਿਆ ਦਾ ਕੇਸ ਦਰਜ ਹੋਇਆ ਸੀ। ਉਹ ਛੇ-ਸੱਤ ਮਹੀਨੇ ਲੁਧਿਆਣਾ ਦੀ ਜੇਲ੍ਹ ਵਿੱਚ ਵੀ ਬੰਦ ਰਿਹਾ। ਬਾਅਦ ਵਿਚ ਪਿਤਾ ਜਗਰੂਪ ਸਿੰਘ, ਜਿਹੜਾ ਕਿ ਮੁੱਖ ਗਵਾਹ ਸੀ, ਅਦਾਲਤ ਵਿਚ ਉਹ ਹੀ ਆਪਣੇ ਬਿਆਨਾਂ ਤੋਂ ਬਦਲ ਗਿਆ। ਇਸ ਕਾਰਨ ਕਰਮ ਸਿੰਘ ਨੂੰ ਮਾਂ ਦੇ ਕਤਲ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ। ਹੁਣ ਉਸੇ ਪੁੱਤਰ ਨੇ ਆਪਣੇ ਪਿਤਾ ਦਾ ਵੀ ਕਤਲ ਕਰ ਦਿੱਤਾ।